ਜਗਤਾਰ ਸਮਾਲਸਰ
ਏਲਨਾਬਾਦ, 30 ਅਕਤੂਬਰ
ਹਰਿਆਣਾ ਦੇ ਵਿਧਾਨ ਸਭਾ ਹਲਕਾ ਏਲਨਾਬਾਦ ਦੀ ਅੱਜ ਹੋਈ ਜ਼ਿਮਨੀ ਚੋਣ ਵਿੱਚ ਵੋਟਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਚੋਣ ਪ੍ਰਕਿਰਿਆ ਸ਼ਾਤੀਪੂਰਨ ਢੰਗ ਨਾਲ ਸਮਾਪਤ ਹੋ ਗਈ। ਇਸ ਦੌਰਾਨ 80 ਪ੍ਰਤੀਸ਼ਤ ਦੇ ਕਰੀਬ ਪੋਲਿੰਗ ਹੋਈ। ਚੋਣ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਦੌਰਾਨ ਸ਼ੁਰੂਆਤੀ ਦੌਰ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਪੋਲਿੰਗ ਬੂਥਾਂ ਦੇ ਜ਼ਿਆਦਾ ਰਹੀ। ਇਸ ਚੋਣ ਨੂੰ ਸ਼ਾਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਹਰੇਕ ਪੋਲਿੰਗ ਬੂਥ ’ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਮੌਜੂਦ ਰਹੇ। ਇਸ ਜ਼ਿਮਨੀ ਚੋਣ ਦੌਰਾਨ ਹਲਕੇ ਦੇ 186103 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ ਤੇ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇੱਥੇ ਮੁੱਖ ਮੁਕਾਬਲਾ ਇਨੈਲੋ ਦੇ ਅਭੈ ਸਿੰਘ ਚੌਟਾਲਾ, ਭਾਜਪਾ-ਜਜਪਾ ਦੇ ਗੋਬਿੰਦ ਕਾਂਡਾ ਅਤੇ ਕਾਂਗਰਸ ਪਾਰਟੀ ਦੇ ਪਵਨ ਬੈਨੀਵਾਲ ਵਿਚਕਾਰ ਹੈ। ਉੱਧਰ ਸੁਰੱਖਿਆ ਦੇ ਮੱਦੇਨਜ਼ਰ ਏਲਨਾਬਾਦ ਦੀਆਂ ਰਾਜਸਥਾਨ ਤੇ ਡੱਬਵਾਲੀ ਵਾਲੇ ਪਾਸੇ ਲੱਗਦੀਆਂ ਸੀਮਾਵਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਇਸ ਰਸਤੇ ਤੋਂ ਆਉਣ ਵਾਲੇ ਵਾਹਨਾਂ ਤੇ ਸਰਕਾਰੀ, ਪ੍ਰਾਈਵੇਟ ਬੱਸਾਂ ਦੀ ਤਲਾਸ਼ੀ ਲੈ ਕੇ ਅੱਗੇ ਆਉਣ ਦਿੱਤਾ ਗਿਆ। ਇਸ ਮੌਕੇ ਹਿਸਾਰ ਰੇਂਜ ਦੇ ਆਈਜੀ ਰਾਕੇਸ਼ ਕੁਮਾਰ ਆਰੀਆ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਅਰਪਿਤ ਜੈਨ ਨੇ ਹਲਕੇ ਦੇ ਪਿੰਡ ਮਾਧੋਸਿੰਘਾਨਾ, ਮੱਲੇਕਾ, ਪੋਹੜਕਾ, ਏਲਨਾਬਾਦ ਸ਼ਹਿਰ, ਜਮਾਲ, ਜੋੜਕੀਆਂ ਸਮੇਤ ਪੂਰੇ ਖੇਤਰ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਰੱਖੀ ਅਤੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਵੀ ਅਨੇਕ ਪਿੰਡਾਂ ਦਾ ਦੌਰਾ ਕਰਕੇ ਪੋਲਿੰਗ ਬੂਥਾਂ ਦੀ ਜਾਂਚ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲੀਸ ਕਪਤਾਨ ਅਰਪਿਤ ਜੈਨ ਨੇ ਦੱਸਿਆ ਕਿ ਏਲਨਾਬਾਦ ਵਿਧਾਨ ਸਭਾ ਹਲਕੇ ਦੇ 70 ਪਿੰਡਾਂ ’ਚੋਂ 41 ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਚੋਣ ਪ੍ਰਕਿਰਿਆ ਦੌਰਾਨ ਕੋਵਿਡ ਨਿਯਮਾਂ ਦੀ ਵੀ ਪਾਲਣਾ ਕੀਤੀ ਗਈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਵੋਟਰਾਂ ਦੀ ਸਕਰੀਨਿੰਗ ਕਰਨ ਦੇ ਨਾਲ-ਨਾਲ ਹੱਥਾਂ ਨੂੰ ਸੈਨੇਟਾਈਜ਼ ਵੀ ਕੀਤਾ। ਬਿਨਾਂ ਮਾਸਕ ਆਏ ਵੋਟਰਾਂ ਨੂੰ ਮਾਸਕ ਮੁਹੱਈਆ ਕੀਤੇ ਗਏ।
ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਹਲਕਿਆਂ ਲਈ ਪਈਆਂ ਵੋਟਾਂ
ਨਵੀਂ ਦਿੱਲੀ: ਦੇਸ਼ ’ਚ ਦਾਦਰਾ ਤੇ ਨਗਰ ਹਵੇਲੀ ਸਮੇਤ ਲੋਕ ਸਭਾ ਦੀਆਂ ਤਿੰਨ ਅਤੇ 13 ਰਾਜਾਂ ਵਿਚਲੀਆਂ 29 ਵਿਧਾਨ ਸਭਾ ਸੀਟਾਂ ’ਤੇ ਅੱਜ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਜ਼ਿਮਨੀ ਚੋਣ ਲਈ 73 ਫੀਸਦ ਤੋਂ ਵੱਧ ਵੋਟਾਂ ਪਈਆਂ ਹਨ। ਜ਼ਿਆਦਾਤਰ ਸੀਟਾਂ ’ਤੇ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ’ਤੇ 66.1 ਫੀਸਦ ਜਦਕਿ ਵਿਧਾਨ ਸਭਾ ਹਲਕੇ ਫਤਹਿਪੁਰ ਲਈ 62.4, ਅਰਕੀ ਲਈ 61.33 ਤੇ ਜੁੱਬਲ ਕੋਟਖਾਈ ਲਈ 66.1 ਫੀਸਦ ਤੱਕ ਵੋਟਾਂ ਪਈਆਂ। ਇਸੇ ਤਰ੍ਹਾਂ ਅਸਾਮ ਦੀਆਂ ਪੰਜ ਵਿਧਾਨ ਸਭਾ ਸੀਟਾਂ ਲਈ 69.60 ਫੀਸਦ, ਰਾਜਸਥਾਨ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ 65 ਫੀਸਦ, ਦਾਦਰਾ ਤੇ ਨਗਰ ਹਵੇਲੀ ਦੀ ਲੋਕ ਸਭਾ ਸੀਟ ਲਈ 67 ਫੀਸਦ ਤੱਕ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਅੱਜ ਦਾਦਰਾ ਤੇ ਨਗਰ ਹਵੇਲੀ, ਹਿਮਾਚਲ ਪ੍ਰਦੇਸ਼ ਦੀ ਮੰਡੀ ਤੇ ਮੱਧ ਪ੍ਰਦੇਸ਼ ਦੀ ਖੰਡਵਾ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਪਈਆਂ। ਅੱਜ ਜਿਹੜੇ 29 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪਈਆਂ ਉਨ੍ਹਾਂ ’ਚ ਅਸਾਮ ਦੀਆਂ ਪੰਜ, ਪੱਛਮੀ ਬੰਗਾਲ ਦੀਆਂ ਚਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਮੇਘਾਲਿਆ ਦੀਆਂ ਤਿੰਨ-ਤੰਨ, ਬਿਹਾਰ, ਰਾਜਸਥਾਨ ਤੇ ਕਰਨਾਟਕ ਦੀਆਂ ਦੋ-ਦੋ ਜਦਕਿ ਹਰਿਆਣਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ ਤੇ ਤਿਲੰਗਾਨਾ ਦੀ 1-1 ਸੀਟ ਸ਼ਾਮਲ ਹੈ। ਵੋਟਾਂ ਦੀ ਗਿਣਤੀ 2 ਨਵੰਬਰ ਨੂੰ ਹੋਵੇਗੀ। ਨਾਗਾਲੈਂਡ ਦੀ ਸ਼ਮਾਤੋਰ-ਚੇਸੋਰ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ ਦਾ ਐਲਾਨ ਕੀਤਾ ਗਿਆ ਸੀ ਪਰ ਖੇਤਰੀ ਪਾਰਟੀ ਨੈਸ਼ਨਲਿਸਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਦੇ ਉਮੀਦਵਾਰ ਨੂੰ 13 ਅਕਤੂਬਰ ਨੂੰ ਸਰਬ ਸੰਮਤੀ ਨਾਲ ਜੇਤੂ ਐਲਾਨ ਦਿੱਤਾ ਗਿਆ ਸੀ। -ਪੀਟੀਆਈ
ਦੇਸ਼ ਦੇ ਪਹਿਲੇ ਵੋਟਰ ਨੇ ਪਾਈ ਵੋਟ
ਸ਼ਿਮਲਾ: ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ (104) ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਕਲਪਾ ਦੇ ਵੋਟਿੰਗ ਕੇਂਦਰ ’ਤੇ ਮੰਡੀ ਸੰਸਦੀ ਹਲਕੇ ਲਈ ਆਪਣੀ ਵੋਟ ਪਾਈ। ਕਿੰਨੌਰ ਦੇ ਡਿਪਟੀ ਕਮਿਸ਼ਨਰ ਨੇ ਵੋਟਰ ਕੇਂਦਰ ਦੇ ਬਾਹਰ ਨੇਗੀ ਦਾ ਸਵਾਗਤ ਕੀਤਾ। ਸਾਲ 1951 ਦੀਆਂ ਆਮ ਚੋਣਾਂ ’ਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੇਗੀ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਲ ਕਾਲੀਨ ਵਿਛਾਇਆ। ਇਸ ਮੌਕੇ ਰਵਾਇਤੀ ਸਾਜ਼ ਵੀ ਵਜਾਏ ਗਏ। ਨੇਗੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਬੇਦਾਗ ਸਰਕਾਰ ਦੀ ਚੋਣ ਲਈ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। -ਪੀਟੀਆਈ