ਮਧੇਪੁਰਾ, 6 ਜਨਵਰੀ
ਉੱਤਰੀ ਬਿਹਾਰ ਦੇ ਇਸ ਜ਼ਿਲ੍ਹੇ ਵਿੱਚ 84 ਸਾਲਾ ਬਜ਼ੁਰਗ ਨੇ ਇਸ ਦਾਅਵੇ ਨਾਲ ਤਰਥੱਲੀ ਮਚਾ ਦਿੱਤੀ ਹੈ ਕਿ ਉਸ ਨੇ ਕੋਵਿਡ-19 ਵੈਕਸੀਨ ਦੇ ਦਰਜਨ ਸ਼ਾਟ ਲਏ ਹਨ ਕਿਉਂਕਿ ਹਰ ਵਾਰ ਡੋਜ਼ ਨਾਲ ਉਸ ਨੂੰ ਬਿਹਤਰ ਮਹਿਸੂਸ ਹੁੰਦਾ ਹੈ। ਬ੍ਰਹਮਦੇਵ ਮੰਡਲ ਮਧੇਪੁਰਾ ਦੇ ਉਦਾਕਿਸ਼ਨਗੰਜ ਸਬ-ਡਿਵੀਜ਼ਨ ਦੇ ਪਿੰਡ ਵਿੱਚ ਰਹਿੰਦਾ ਹੈ ਅਤੇ ਉਸ ਨੇ ਕੁਝ ਦਿਨ ਪਹਿਲਾਂ ਆਪਣੀ 12ਵੀਂ ਖੁਰਾਕ ਲੈਣ ਦਾ ਦਾਅਵਾ ਕੀਤਾ। ਮੰਡਲ ਨੇ ਕਿਹਾ ਕਿ ਮੈਂ ਵੱਖ-ਵੱਖ ਮੌਕਿਆਂ ‘ਤੇ ਆਪਣੇ ਆਧਾਰ ਕਾਰਡ ਅਤੇ ਆਪਣੇ ਵੋਟਰ ਆਈਡੀ ਕਾਰਡ ਦੀ ਵਰਤੋਂ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਕੀਤੀ ਹੈ। ਉਹ ਡਾਕ ਵਿਭਾਗ ਦਾ ਸੇਵਾਮੁਕਤ ਕਰਮਚਾਰੀ ਹੈ। ਹਰ ਇੱਕ ਖੁਰਾਕ ਨੇ ਮੇਰੇ ਪੁਰਾਣੇ ਪਿੱਠ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕੀਤੀ ਹੈ। ਮੈਂ ਜਦੋਂ 11 ਮਹੀਨੇ ਪਹਿਲਾਂ ਪਹਿਲਾ ਸ਼ਾਟ ਲਿਆ ਸੀ, ਮੈਨੂੰ ਕਦੇ ਸ਼ਰਦੀ-ਜ਼ੁਕਾਮ ਨਹੀਂ ਹੋਇਆ। ਉਸ ਨੇ ਕਾਗਜ਼ ਦੇ ਟੁਕੜੇ ‘ਤੇ ਲਿਖੇ ਹਰੇਕ ਟੀਕੇ ਦੀ ਮਿਤੀ, ਸਮਾਂ ਅਤੇ ਥਾਂ ਲਿਖੀ ਹੋਈ ਹੈ। ਪ੍ਰੈਸ ਦੇ ਇੱਕ ਹਿੱਸੇ ਵਿੱਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਘਬਰਾਏ ਹੋਏ ਸਿਹਤ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਸਿਵਲ ਸਰਜਨ ਅਮਰੇਂਦਰ ਨਾਰਾਇਣ ਸ਼ਾਹੀ ਨੇ ਕਿਹਾ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਕੀ ਉਹ ਆਦਮੀ ਗੱਪ ਮਾਰ ਰਿਹਾ ਹੈ ਜਾਂ ਉਸ ਦੇ ਦਾਅਵਿਆਂ ਵਿੱਚ ਕੋਈ ਸੱਚਾਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਦੋ ਤੋਂ ਵੱਧ ਖੁਰਾਕਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਸਿਵਲ ਸਰਜਨ ਨੇ ਕਿਹਾ ਕਿ ਜੇਕਰ ਉਸ ਦਾ ਦਾਅਵਾ ਸੱਚ ਸਾਬਤ ਹੁੰਦਾ ਹੈ ਤਾਂ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਬਜ਼ੁਰਗ ਨੂੰ ਜਾਣ ਬੁੱਝ ਕੇ ਟੀਕੇ ਲਗਵਾਉਣ ਲਈ ਸਖ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।