ਨਵੀਂ ਦਿੱਲੀ: ਭਾਰਤ ਵਿਚ ਅਕਤੂਬਰ 2020 ਤੋਂ ਬਾਅਦ ਸਾਈਬਰ ਹਮਲਿਆਂ ਵਿਚ 845 ਫ਼ੀਸਦੀ ਵਾਧਾ ਹੋਇਆ ਹੈ। ਇੱਕ ਰਿਪੋਰਟ ਅਨੁਸਾਰ ਕਰੋਨਾ ਮਹਾਮਾਰੀ ਕਾਰਨ ਘਰ ਤੋਂ ਕੰਮ ਕਰਨ ਵਾਲਿਆਂ ਦੀ ਗਿਣਤੀ ਵਧਣ ਕਾਰਨ ਮੁਲਕ ਵਿਚ ਸਾਈਬਰ ਹਮਲਿਆਂ ਵਿਚ ਹੈਰਾਨੀਕੁਨ ਵਾਧਾ ਹੋਇਆ ਹੈ। ਅਕਤੂਬਰ 2020 ਵਿਚ ਮੁਲਕ ਵਿੱਚ ਵੱਖ ਵੱਖ ਸੰਸਥਾਵਾਂ ਵਿਚ ਹੋਏ ਸਾਈਬਰ ਹਮਲਿਆਂ ਦੀ ਗਿਣਤੀ 1345 ਸੀ ਜਦੋਂਕਿ ਇਸ ਸਾਲ ਮਾਰਚ ਮਹੀਨੇ ਤਕ ਇਨ੍ਹਾਂ ਕੇਸਾਂ ਦੀ ਗਿਣਤੀ 12,719 ਤਕ ਪੁੱਜ ਗਈ। ਖੋਜੀਆਂ ਨੇ ਪਾਇਆ ਕਿ 2020 ਦੌਰਾਨ ਮੋਬਾਈਲ ਡਿਵਾਈਸ ਮੈਨੇਜਮੈਂਟ ਪ੍ਰਣਾਲੀ ਰਾਹੀਂ ਮਹੱਤਵਪੂਰਨ ਹਮਲੇ ਕੀਤੇ ਗਏ। ਪਿਛਲੇ ਸਾਲ ਦੁਨੀਆਂ ਭਰ ਵਿਚ 97 ਫ਼ੀਸਦੀ ਸੰਸਥਾਵਾਂ ਵਿਚ ਮੋਬਾਈਲ ਫੋਨਾਂ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆਏ ਸਨ। 46 ਫ਼ੀਸਦੀ ਸੰਸਥਾਵਾਂ ਵਿਚੋਂ ਘੱਟੋ-ਘੱਟ ਇੱਕ ਕਰਮਚਾਰੀ ਨੇ ਖ਼ਤਰਨਾਕ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕੀਤੀ ਸੀ। ਦੁਨੀਆ ਭਰ ਵਿਚ 40 ਫ਼ੀਸਦੀ ਮੋਬਾਈਲ ਫੋਨ ਸਾਈਬਰ ਹਮਲੇ ਦਾ ਸੌਖਾ ਸ਼ਿਕਾਰ ਬਣ ਰਹੇ ਹਨ। ਰਿਪਰੋਟ ਮੁਤਾਬਕ ਕਰੋਨਾ ਸਬੰਧੀ ਜਾਣਕਾਰੀ ਇਕੱਤਰ ਕਰਨ ਦੇ ਨਾਂ ’ਤੇ ਕੁਝ ਐਪਲੀਕੇਸ਼ਨਾਂ ਵਿਚ ਵਾਇਰਸ ਛੁਪਾ ਕੇ ਪਾ ਦਿੱਤਾ ਜਾਂਦਾ ਹੈ। ਮੋਬਾਈਲ ਮਾਲਵੇਅਰ ਵਿਚ ਮੋਬਾਈਲ ਰਿਮੋਰਟ ਐਕਸਿਸ ਟ੍ਰੌਜਨਜ਼ ਤੇ ਬੈਕਿੰਗ ਟ੍ਰੌਜਨਜ਼ ਆਦਿ ਵੀ ਪਾਏ ਜਾ ਰਹੇ ਹਨ। -ਆਈਏਐਨਐਸ