ਨਵੀਂ ਦਿੱਲੀ/ਕੇਰਲਾ, 19 ਸਤੰਬਰ
ਕੌਮਾਂਤਰੀ ਤੌਰ ’ਤੇ ਪਾਬੰਦੀਸ਼ੁਦਾ ਜੱਥੇਬੰਦੀ ਅਲਕਾਇਦਾ ਦੇ ਭਾਰਤ ਵਿੱਚ ਆਧਾਰ ਬਣਾਊਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਂਦਿਆਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੱਛਮੀ ਬੰਗਾਲ ਅਤੇ ਕੇਰਲਾ ਤੋਂ ਇਸ ਨਾਲ ਸਬੰਧਿਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਆਈਏ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਾਕਿਸਤਾਨ ਤੋਂ ਮਿਲ ਰਹੇ ਆਦੇਸ਼ਾਂ ’ਤੇ ਜੰਮੂ ਕਸ਼ਮੀਰ ਵਿੱਚ ਦੇਸੀ ਧਮਾਕਾਖੇਜ਼ ਸਮੱਗਰੀ ਅਤੇ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਐੱਨਆਈਏ ਨੇ ਸਥਾਨਕ ਸੂਬਿਆਂ ਦੀ ਪੁਲੀਸ ਦੀ ਮਦਦ ਨਾਲ 18 ਅਤੇ 19 ਦੀ ਦਰਮਿਆਨੀ ਰਾਤ ਨੂੰ ਕੇਰਲਾ ਦੇ ਐਰਨਾਕੁਲਮ ਅਤੇ ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ਤੋਂ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਐਰਨਾਕੁਲਮ ਤੋਂ ਮੁਰਸ਼ਿਦ ਹਸਨ, ਯਾਕੂਬ ਬਿਸਵਾਸ, ਮੁਸਰਫ਼ ਹੁਸੇਨ ਅਤੇ ਮੁਰਸ਼ਦਾਬਾਦ ਤੋਂ ਨਾਜਮੁਸ ਸਾਕਬਿ, ਅਬੂ ਸੂਫੀਆਂ, ਮੈਨੁਲ ਮੌਂਡਲ, ਲਿਊ ਯੀਨ ਅਹਿਮਦ, ਅਲ ਮਾਮੁਨ ਕਮਲ ਅਤੇ ਅਤੀਤੁਰ ਰਹਿਮਾਨ ਵਜੋਂ ਹੋਈ ਹੈ। ਇਹ ਸਾਰੇ ਨਿੱਜੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਕੰਮ-ਧੰਦੇ ਲੱਗੇ ਹੋਏ ਹਨ। ਕੋਈ ਵਿਦਿਆਰਥੀ ਹੈ, ਕੋਈ ਦਰਜੀ, ਕੁੱਕ, ਇਲੈਕਟ੍ਰੀਸ਼ੀਅਨ, ਕੰਪਿਊਟਰ ਸਾਇੰਸ ਗ੍ਰੈਜੂਏਟ ਤੇ ਕੋਈ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਐੱਨਆਈਏ ਨਾਲ ਸਬੰਧਿਤ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਛਾਪੇ ਦੌਰਾਨ ਏਜੰਸੀ ਨੇ ਪੋਟਾਸ਼ੀਅਮ ਨਾਈਟ੍ਰੇਟ ਦਾ ਵੱਡੀ ਮਾਤਰਾ ਵਿੱਚ ਭੰਡਾਰ ਬਰਾਮਦ ਕੀਤਾ ਹੈ ਜਿਸਨੂੰ ਬਾਰੂਦੀ ਸੁਰੰਗ(ਆਈਈਡੀ) ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਛਾਪੇ ਦੌਰਾਨ ਐੱਨਆਈਏ ਨੇ ਅਬੂ ਸੂਫ਼ੀਆਂ ਦੇ ਘਰੋਂ ਸਵਿੱਚ ਅਤੇ ਬੈਟਰੀਆਂ ਬਰਾਮਦ ਕੀਤੀਆਂ ਹਨ। ਊਨ੍ਹਾਂ ਕਿਹਾ ਕਿ ਊਹ ਪਾਕਿਸਤਾਨੀ ਅਤਿਵਾਦੀ ਹਮਜ਼ਾ ਦੇ ਸੰਪਰਕ ਵਿੱਚ ਸਨ। ਊਨ੍ਹਾਂ ਦੀ ਯੋਜਨਾ ਦਿੱਲੀ-ਐੱਨਸੀਆਰ ਅਤੇ ਦੇਸ਼ ਦੇ ਹੋਰ ਮਹੱਤਵਪੂਰਨ ਇਲਾਕਿਆਂ ਵਿੱਚ ਹਮਲੇ ਕਰਨ ਦੀ ਯੋਜਨਾ ਸੀ। ਏਜੰਸੀ ਨੇ ਇਸ ਮਾਮਲੇ ਵਿੱਚ 11 ਸਤੰਬਰ ਨੂੰ ਕੇਸ ਦਰਜ ਕੀਤਾ ਸੀ। -ਪੀਟੀਆਈ