ਲਖਨਊ, 22 ਅਕਤੂਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ’ਚ ਮੰਤਰੀ ਉਪੇਂਦਰ ਤਿਵਾੜੀ ਦੇ ਇਸ ਬਿਆਨ ਕਿ ‘95 ਫੀਸਦ ਲੋਕਾਂ ਨੂੰ ਪੈਟਰੋਲ ਦੀ ਲੋੜ ਨਹੀਂ ਹੈ’ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ‘ਸੱਚ ਇਹ ਹੈ ਕਿ ਇਨ੍ਹਾਂ (95 ਫੀਸਦ) ਲੋਕਾਂ ਨੂੰ ਭਾਜਪਾ ਦੀ ਲੋੜ ਨਹੀਂ ਹੈ।’ ਕਾਬਿਲੇਗੌਰ ਹੈ ਕਿ ਉਪੇਂਦਰ ਤਿਵਾੜੀ ਨੇ ਇਕ ਬਿਆਨ ਵਿੱਚ ਕਿਹਾ ਸੀ ਕਿ ਪ੍ਰਤੀ ਵਿਅਕਤੀ ਆਮਦਨ ਵੇਖੀਏ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧੀਆਂ ਤੇ (ਦੇਸ਼ ਦੇ) 95 ਫੀਸਦ ਲੋਕਾਂ ਨੂੰ ਪੈਟਰੋਲ ਦੀ ਲੋੜ ਨਹੀਂ ਹੈ।
ਅਖਿਲੇਸ਼ ਯਾਦਵ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਭਾਜਪਾ ਮੰਤਰੀ ਦਾ ਕਹਿਣਾ ਹੈ ਆਮ ਲੋਕਾਂ ਨੂੰ ਮਹਿੰਗੇ ਪੈਟਰੋਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ 95 ਫੀਸਦ ਲੋਕਾਂ ਨੂੰ ਪੈਟਰੋਲ ਦੀ ਲੋੜ ਨਹੀਂ। ਹੁਣ ਸਗੋਂ ਮੰਤਰੀ ਨੂੰ ਵੀ ਇਸ ਦੀ ਲੋੜ ਨਹੀਂ ਪਏਗੀ ਕਿਉਂਕਿ ਲੋਕ ਜਲਦੀ ਹੀ ਉਨ੍ਹਾਂ ਨੂੰ ਸੱਤਾ ’ਚੋਂ ਲਾਂਭੇ ਕਰ ਦੇਣਗੇ। ਸੱਚ ਤਾਂ ਇਹ ਹੈ ਕਿ 95 ਫੀਸਦ ਲੋਕਾਂ ਨੂੰ ਭਾਜਪਾ ਦੀ ਲੋੜ ਨਹੀਂ ਹੈ।’ ਸਪਾ ਮੁਖੀ ਨੇ ਲਖੀਮਪੁਰ ਖੀਰੀ ਘਟਨਾ, ਜਿਸ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਮਾਲਕੀ ਵਾਲੀ ਜੀਪ (ਮਹਿੰਦਰਾ ਥਾਰ) ਨੇ ਚਾਰ ਕਿਸਾਨਾਂ ਨੂੰ ਕਥਿਤ ਦਰੜ ਦਿੱਤਾ ਸੀ, ਦੇ ਹਵਾਲੇ ਨਾਲ ਕਿਹਾ, ‘‘ਕੀ ਥਾਰ ਨੂੰ ਡੀਜ਼ਲ ਦੀ ਲੋੜ ਹੈ?’ -ਆਈਏਐੱਨਐੱਸ