ਜੰਮੂ, 5 ਮਈ
ਬੀਐੱਸਐੱਫ ਨੇ ਅੱਜ ਕਿਹਾ ਹੈ ਕਿ ਉਸ ਨੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸੁਰੰਗ ਦਾ ਪਤਾ ਲਗਾਇਆ ਹੈ ਅਤੇ ਅਮਰਨਾਥ ਯਾਤਰਾ ਵਿੱਚ ਵਿਘਨ ਦੀ ਪਾਕਿਸਤਾਨੀ ਅਤਿਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ ਖੇਤਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸਾਂਬਾ ਵਿੱਚ ਚੱਕ ਫਕੀਰਾ ਸਰਹੱਦੀ ਚੌਕੀ ਅਧੀਨ ਖੇਤਰ ਵਿੱਚ 150 ਮੀਟਰ ਲੰਬੀ ਸੁਰੰਗ ਦਾ ਪਤਾ ਲਗਾਇਆ ਗਿਆ। ਬੀਐੱਸਐੱਫ ਦੇ ਡੀਆਈਜੀ ਐੱਸਪੀਐੱਸ ਸੰਧੂ ਨੇ ਕਿਹਾ ਇਹ ਸੁਰੰਗ ਤਾਜ਼ਾ ਪੁੱਟੀ ਗਈ ਹੈ ਅਤੇ ਪਾਕਿਸਤਾਨ ਵਾਲੇ ਪਾਸੇ ਤੋਂ ਨਿਕਲੀ ਹੈ। ਇਹ ਦੋ ਫੁੱਟ ਚੌੜੀ ਹੈ ਤੇ 21 ਰੇਤ ਦੇ ਥੈਲੇ ਬਰਾਮਦ ਕੀਤੇ ਗਏ ਹਨ, ਜੋ ਸੁਰੰਗ ਦੇ ਨਿਕਾਸ ਨੂੰ ਮਜ਼ਬੂਤ ਕਰਨ ਲਈ ਵਰਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੰਗ ਸਰਹੱਦੀ ਚੌਕੀ ਚੱਕ ਫਕੀਰਾ ਤੋਂ ਕਰੀਬ 300 ਮੀਟਰ ਅਤੇ ਭਾਰਤ ਦੇ ਆਖ਼ਰੀ ਪਿੰਡ ਤੋਂ 700 ਮੀਟਰ ਦੂਰ ਸੀ। ਬੀਐੱਸਐੱਫ ਜੰਮੂ ਫਰੰਟੀਅਰ ਦੇ ਆਈਜੀ ਡੀਕੇ ਬੂਰਾ ਨੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਢ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਪੰਜਵੀਂ ਸੁਰੰਗ ਦਾ ਪਤਾ ਲਗਾਇਆ ਗਿਆ ਹੈ। -ਪੀਟੀਆਈ