ਪਟਨਾ, 20 ਅਕਤੂਬਰ
ਬਿਹਾਰ ਦੇ ਬਾਂਕਾ ਜ਼ਿਲ੍ਹੇ ਵਿੱਚ 76 ਸਾਲਾ ਬਜ਼ੁਰਗ ਦੀ 26 ਸਾਲ ਪੁਰਾਣੇ ਕੇਸ ਵਿੱਚ ਕੋਰਟ ਵੱਲੋਂ ਬਰੀ ਕੀਤੇ ਜਾਣ ਦੀ ਖ਼ਬਰ ਸੁਣ ਕੇ ਦਿਲ ਦਾ ਦੌਰਾ ਪੈਣ ਕਰ ਕੇ ਰੱਬ ਨੂੰ ਪਿਆਰਾ ਹੋ ਗਿਆ। ਪੀੜਤ ਦੀ ਪਛਾਣ ਨਾਗੋ ਸਿੰਘ ਵਜੋਂ ਦੱਸੀ ਗਈ ਹੈ, ਜੋ ਬੇਲਹਾਰ ਪੁਲੀਸ ਸਟੇਸ਼ਨ ਅਧੀਨ ਆਉਂਦੇ ਝੁਨਕਾ ਪਿੰਡ ਦਾ ਵਸਨੀਕ ਸੀ। ਨਾਗੋ ਸਿੰਘ ਤੇ ਚਾਰ ਹੋਰਨਾਂ ਖਿਲਾਫ਼ 1996 ਵਿੱਚ ਫ਼ਸਲ ਦੇ ਉਜਾੜੇ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਕੋਰਟ ਦਾ ਫੈਸਲਾ ਬੁੱਧਵਾਰ ਸ਼ਾਮ ਨੂੰ ਆਇਆ ਸੀ। ਸਿੰਘ ਦੇ ਵਕੀਲ ਦੇਵੇਂਦਰ ਪ੍ਰਸਾਦ ਸਿੰਘ ਨੇ ਕਿਹਾ ਕਿ ਉਸ ਦਾ ਮੁਵੱਕਿਲ ਜ਼ਮਾਨਤ ’ਤੇ ਸੀ ਤੇ ਉਹ ਮੰਨਦਾ ਸੀ ਕਿ ਉਹ ਬੇਕਸੂਰ ਹੈ ਤੇ ਉਸ ਨੂੰ ਕੇਸ ਵਿੱਚ ਫਸਾਇਆ ਗਿਆ ਹੈ। ਜਦੋਂ ਕੋਰਟ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਆਇਆ ਤਾਂ ਸਾਰੇ ਮੁਲਜ਼ਮਾਂ ਨੇ ਰਾਹਤ ਦਾ ਸਾਹ ਲਿਆ, ਪਰ ਨਾਗੋ ਸਿੰਘ ਰਿਹਾਈ ਦੀ ਖ਼ਬਰ ਸੁਣ ਕੇ ਕੋਰਟ ’ਚ ਹੀ ਗ਼ਸ਼ ਖਾ ਕੇ ਡਿੱਗ ਪਿਆ। ਉਸ ਨੂੰ ਕੋਰਟ ਕੰਪਲੈਕਸ ਵਿਚਲੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। -ਆਈਏਐੱਨਐੱਸ