ਬੰਗਲੂਰੂ, 19 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਵਿਚ ਸਿੱਖਾਂ ਦੀ ਹਾਲਤ ਬਾਰੇ ਅਮਰੀਕਾ ਵਿਚ ਦਿੱਤੇ ਬਿਆਨ ਨੂੰ ਲੈ ਕੇ ਕਥਿਤ ਟਿੱਪਣੀਆਂ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਕੇਸ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਹਾਈ ਗਰਾਊਂਡਜ਼ ਥਾਣੇ ਵਿਚ ਬਿੱਟੂ ਖਿਲਾਫ਼ ਦਰਜ ਐੱਫਆਈਆਰ ਵਿਚ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ। ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਰਾਹੁਲ ਗਾਂਧੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਸੀ ਕਿ ਜੇ ‘ਬੰਬ ਬਣਾਉਣ ਵਾਲੇ’ ਉਨ੍ਹਾਂ (ਗਾਂਧੀ) ਦੀ ਹਮਾਇਤ ਕਰ ਰਹੇ ਹਨ ਤਾਂ ਉਹ ਦੇਸ਼ ਦਾ ‘ਨੰਬਰ ਇਕ ਅਤਿਵਾਦੀ’ ਹੈ। ਕਾਂਗਰਸ ਨੇ ਬਿੱਟੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ‘ਉਹ ਸੰਵੇਦਨਹੀਣ ਵਿਅਕਤੀ’ ਵਾਂਗ ਗੱਲਾਂ ਕਰ ਰਿਹਾ ਹੈ। -ਪੀਟੀਆਈ
ਆਪਣੀ ਗੱਲ ’ਤੇ ਖੜ੍ਹਾ ਹਾਂ: ਬਿੱਟੂ
ਨਵੀਂ ਦਿੱਲੀ:
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਖਿਲਾਫ਼ ਆਪਣੀ ਗੱਲ ’ਤੇ ਖੜ੍ਹੇ ਹਨ ਤੇ ਅਜਿਹੀਆਂ ਐੱਫਆਈਆਰਜ਼ ਤੋਂ ਡਰਨ ਵਾਲੇ ਨਹੀਂ ਹਨ। ਫੂਡ ਪ੍ਰੋਸੈਸਿੰਗ ਬਾਰੇ ਰਾਜ ਮੰਤਰੀ ਬਿੱਟੂ ਨੇ ਕਿਹਾ, ‘ਕਾਂਗਰਸ ਪਾਰਟੀ ਨੇ ਐੱਫਆਈਆਰ ਤੇ ਪੁਲੀਸ ਕੇਸਾਂ ਜ਼ਰੀਏ ਹਮੇਸ਼ਾਂ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਗਾਂਧੀ ਨੇ ਭਾਰਤ ਵਿਚ ਸਿੱਖਾਂ ਦੀ ਹਾਲਤ ਨੂੰ ਲੈ ਕੇ ਜੋ ਕੁਝ ਕਿਹਾ, ਮੈਂ ਉਸ ਖਿਆਲ ਲਈ ਹਾਮੀ ਕਿਵੇਂ ਭਰ ਸਕਦਾ ਹੈ। ਰਾਹੁਲ ਗਾਂਧੀ ਤੇ ਉਨ੍ਹਾਂ ਦੀ ਪਾਰਟੀ 100 ਐੱਫਆਈਆਰ ਦਰਜ ਕਰ ਲਏ, ਮੈਂ ਦੇਸ਼ ਦੀ ਏਕਤਾ ਦੀ ਗੱਲ ਕਰਾਂਗਾ। ਮੈਂ ਉਸ ਪਰਿਵਾਰ ਵਿਚੋਂ ਹਾਂ ਜੋ ਗੋਲੀਆਂ ਦੀ ਪਰਵਾਹ ਨਹੀਂ ਕਰਦਾ।’’ ਬਿੱਟੂ ਨੂੰ ਜਦੋਂ ਪੁੱਛਿਆ ਕਿ ਕੀ ਉਹ ਬਿਆਨ ’ਤੇ ਕਾਇਮ ਹਨ ਤਾਂ ਮੰਤਰੀ ਨੇ ਕਿਹਾ, ‘ਜਦੋਂ ਪੱਗ ਬੰਨ੍ਹੀ ਹੋਵੇ ਤਾਂ ਬਿਆਨ ਤੋਂ ਪਿੱਛੇ ਹੱਟ ਸਕਦਾ ਹੈ ਕੋਈ?’’ -ਪੀਟੀਆਈ