ਠਾਣੇ, 19 ਅਕਤੂਬਰ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ, ਉਸ ਦੀ ਪਤਨੀ ਅਤੇ ਪੰਜ ਹੋਰਾਂ ਖ਼ਿਲਾਫ਼ ਨਾਚ ਮੰਡਲੀ ਨਾਲ 11.96 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ 26 ਸਾਲਾ ਡਾਂਸਰ ਦੀ ਸ਼ਿਕਾਇਤ ’ਤੇ 16 ਅਕਤੂਬਰ ਨੂੰ ਮੀਰਾ ਰੋਡ ਥਾਣੇ ਵਿੱਚ ਰੈਮੋ, ਉਸ ਦੀ ਪਤਨੀ ਲਿਜ਼ੈਲ ਅਤੇ ਪੰਜ ਹੋਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 465 (ਜਾਅਲਸਾਜ਼ੀ), 420 (ਧੋਖਾਧੜੀ) ਸਣੇ ਹੋਰ ਪ੍ਰਾਸੰਗਿਕ ਪ੍ਰਬੰਧਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਫਆਈਆਰ ਮੁਤਾਬਕ, ਸ਼ਿਕਾਇਤਕਰਤਾ ਤੇ ਉਸ ਦੇ ਸਾਥੀਆਂ ਨਾਲ 2018 ਤੋਂ ਜੁਲਾਈ 2024 ਵਿਚਾਲੇ ਕਥਿਤ ਤੌਰ ’ਤੇ ਧੋਖਾਧੜੀ ਕੀਤੀ ਗਈ। ਇਸ ਨਾਚ ਮੰਡਲੀ ਨੇ ਟੀਵੀ ਸ਼ੋਅ ਵਿੱਚ ਪੇਸ਼ਕਾਰੀ ਦਿੱਤੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਐੱਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਦਿਖਾਇਆ ਕਿ ਇਹ ਗਰੁੱਪ ਉਨ੍ਹਾਂ ਦਾ ਹੈ ਅਤੇ 11.96 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਹੜਪ ਲਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ