ਨਵੀਂ ਦਿੱਲੀ, 31 ਦਸੰਬਰ
ਗ੍ਰਹਿ ਮੰਤਰਾਲੇ ਨੇ ਕੇਂਦਰੀ ਪੁਲੀਸ ਬਲਾਂ ਤੇ ਅਸਾਮ ਰਾਈਫਲਜ਼ ਨੂੰ ਇਕ ਕਮੇਟੀ ਦਾ ਗਠਨ ਕਰਨ ਲਈ ਕਿਹਾ ਹੈ ਜੋ ਕਿ ਹੇਠਲੇ ਕੇਡਰਾਂ ਵਿਚ ਤਰੱਕੀਆਂ ਮਿਲਣ ਵਿਚ ਹੋਈ ਦੇਰੀ ਦੀ ਸਮੀਖਿਆ ਕਰੇਗੀ। ਤਰੱਕੀਆਂ ਦੀ ਵਰਤਮਾਨ ਸਥਿਤੀ ਬਾਰੇ ਇਕ ਰਿਪੋਰਟ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ 81,000 ਮੁਲਾਜ਼ਮ ਪਿਛਲੇ ਦਸ ਸਾਲਾਂ ਦੌਰਾਨ ਸੇਵਾਮੁਕਤੀ ਤੇ ਸਵੈ-ਇੱਛੁਕ ਸੇਵਾਮੁਕਤੀ ਲੈ ਗਏ ਹਨ। ਕੇਂਦਰੀ ਮੰਤਰਾਲੇ ਨੇ ਤਰੱਕੀਆਂ ਵਿਚ ਦੇਰੀ ਹੋਣ ਕਾਰਨ ਮੁਲਾਜ਼ਮਾਂ ਵੱਲੋਂ ਲਈ ਗਈ ਲਾਜ਼ਮੀ ਸੇਵਾਮੁਕਤੀ ਜਾਂ ਵੀਆਰਐੱਸ ਦਾ ਨੋਟਿਸ ਲਿਆ ਹੈ। ਜ਼ਿਆਦਾਤਰ ਹੇਠਲੇ ਪੱਧਰਾਂ ਉਤੇ ਸੇਵਾਮੁਕਤੀ ਦਾ ਰਾਹ ਚੁਣਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਪੁਲੀਸ ਬਲਾਂ ਨੂੰ ਸਥਿਤੀ ਵਿਚ ਸੁਧਾਰ ਲਈ ਸੁਝਾਅ ਦੇਣ ਲਈ ਕਿਹਾ ਹੈ। -ਪੀਟੀਆਈ