ਪਟਨਾ, 1 ਅਕਤੂਬਰ
ਬਿਹਾਰ ਵਿੱਚ ਕਾਲਜ ਵਿਦਿਆਰਥਣ ਨੂੰ ਸੈਨੇਟਰੀ ਪੈਡਜ਼ ਕੀਮਤਾਂ ’ਤੇ ਸਬਸਿਡੀ ਬਾਰੇ ਸਵਾਲ ’ਤੇ ਇੱਕ ਆਈਏਐੱਸ ਅਧਿਕਾਰੀ ਵੱਲੋਂ ਜਲੀਲ ਕਰਨ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਦਿੱਲੀ ਅਧਾਰਿਤ ਕੰਪਨੀ ਪੈਨ ਹੈਲਥਕੇਅਰ ਨੇ ਉਕਤ ਲੜਕੀ ਨੂੰ ਇੱਕ ਸਾਲ ਤੱਕ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਵੱਲੋਂ ਲੜਕੀ ਦੀ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਹੋਣ ਤੱਕ ਉਸ ਦਾ ਖਰਚਾ ਵੀ ਸਹਿਣ ਕੀਤਾ ਜਾਵੇਗਾ। ਸੈਨੇਟਰੀ ਪੈਡ ਬਣਾਉਣ ਵਾਲੀ ਦਿੱਲੀ ਅਧਾਰਿਤ ਪੀਏਐੱਨ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਸੀਈਓ ਚਿਰਾਗ ਪਾਨ ਨੇ ਕਿਹਾ, ‘‘ਸਰੀਰਕ ਸਫ਼ਾਈ ਨੂੰ ਇੱਕ ਵਰਜਿਤ ਵਿਸ਼ਾ ਮੰਨਿਆ ਜਾਂਦਾ ਹੈ ਜਿਸ ’ਤੇ ਪੀੜ੍ਹੀਆਂ ਤੋਂ ਨੀਵੀਂ ਸੁਰ ਵਿੱਚ ਚਰਚਾ ਕੀਤੀ ਜਾਂਦੀ ਰਹੀ ਹੈ। ਇਸ ਨੂੰ ਬਦਲਣਾ ਚਾਹੀਦਾ ਹੈ। ਸਾਨੂੰ ਹੋਰ ਲੜਕੀਆਂ ਦੀ ਲੋੜ ਹੈ ਜੋ ਅੱਗੇ ਹੋ ਕੇ ਇਸ ਵਿਸ਼ੇ ਬਾਰੇ ਖੁੱਲ੍ਹੀ ਬਹਿਸ ਦੀ ਮੰਗ ਕਰਨ। ਜਨਤਕ ਪਲੈਟਫਾਰਮ ’ਤੇ ਇਸ ਬਾਰੇ ਬੋਲਣ ਲਈ ਅਸੀਂ ਰੀਆ ਕੁਮਾਰੀ ਦੇ ਹੌਸਲੇ ਨੂੰ ਸਲਾਮ ਕਰਦੇ ਹਾਂ।’’ -ਆਈਏਐੱਨਐੱਸ