ਨਵੀਂ ਦਿੱਲੀ, 28 ਜੂਨ
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ’ਚ ਐਮਰਜੈਂਸੀ ਵਿਭਾਗ ਦੇ ਆਪਰੇਸ਼ਨ ਥੀਏਟਰ (ਓਟੀ) ਨਾਲ ਲੱਗਦੇ ਇੱਕ ਕਮਰੇ ’ਚ ਅੱਜ ਸਵੇਰੇ ਅੱਗ ਲੱਗ ਗਈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਐਮਰਜੈਂਸੀ ਵਿਭਾਗ ਦੇ ਓਟੀ ’ਚ ਅੱਗ ਲੱਗਣ ਦੀ ਸੂਚਨਾ ਤੜਕੇ ਪੰਜ ਵਜੇ ਦੇ ਕਰੀਬ ਮਿਲੀ ਅਤੇ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਏਮਸ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਗ ’ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਅੱਗ ਓਟੀ ਨਾਲ ਲਗਦੇ ਸਟੋਰ ਰੂਮ ’ਚ ਲੱਗੀ ਸੀ। ਪੁਲੀਸ ਅਨੁਸਾਰ ਹੌਜ਼ ਖਾਸ ਥਾਣੇ ਨੂੰ ਅੱਗ ਲੱਗਣ ਬਾਰੇ ਸਵੇਰੇ ਸਵਾ ਪੰਜ ਵਜੇ ਦੇ ਕਰੀਬ ਮਿਲੀ।
ਪੁਲੀਸ ਕਮਿਸ਼ਨਰ (ਦੱਖਣੀ) ਅਤੁਲ ਕੁਮਾਰ ਠਾਕੁਰ ਨੇ ਕਿਹਾ ਕਿ ਉੱਥੇ ਮੌਜੂਦ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਇਸ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ