ਜੰਮੂ, 18 ਮਈ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਜੰਗਲ ਨੂੰ ਲੱਗੀ ਅੱਗ ਕਰਕੇ ਕੰਟਰੋਲ ਰੇਖਾ ਨਾਲ ਅੱਜ ਕਈ ਬਾਰੂਦੀ ਸੁਰੰਗਾਂ ਫਟ ਗਈਆਂ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦਾ ਬਚਾਅ ਰਿਹਾ। ਅਧਿਕਾਰੀਆਂ ਨੇ ਕਿਹਾ ਅੱਗ ਸੋਮਵਾਰ ਨੂੰ ਕੰਟਰੋਲ ਰੇਖਾ ਤੋਂ ਪਾਰ ਲੱਗੀ ਸੀ ਤੇ ਭਾਰਤ ਵਾਲੇ ਪਾਸੇ ਮੇਂਧੜ ਸੈਕਟਰ ਤੱਕ ਫੈਲ ਗਈ। ਅਧਿਕਾਰੀ ਨੇ ਕਿਹਾ ਕਿ ਅੱਗ ਕਰਕੇ ਅੱਧੀ ਦਰਜਨ ਦੇ ਕਰੀਬ ਬਾਰੂਦੀ ਸੁਰੰਗਾਂ ਫਟ ਗਈਆਂ, ਜੋ ਸਰਹੱਦ ਪਾਰੋਂ ਘੁਸਪੈਠ ਰੋਕਣ ਦੇ ਪ੍ਰਬੰਧ ਵਜੋਂ ਲਾਈਆਂ ਗਈਆਂ ਸਨ। ਜੰਗਲ ਤੋਂ ਵਾਕਿਫ਼ ਕਾਨਰ ਹੁਸੈਨ ਸ਼ਾਹ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ, ਪਰ ਅੱਜ ਸਵੇੇਰੇ ਧਰਮਸ਼ਾਲ ਬਲਾਕ ਵਿੱਚ ਇਹ ਮੁੜ ਭੜਕ ਗਈ ਤੇ ਤੇਜ਼ ਹਵਾਵਾਂ ਕਰਕੇ ਜਲਦੀ ਹੀ ਫੈਲ ਗਈ। ਸ਼ਾਹ ਨੇ ਕਿਹਾ ਕਿ ਫੌਜ ਦੀ ਮਦਦ ਨਾਲ ਆਗੂ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਰਾਜੌਰੀ ਜ਼ਿਲ੍ਹੇ ਵਿੱਚ ਸਰਹੱਦ ਨਾਲ ਸੁੰਦਰਬਨੀ ਇਲਾਕੇ ਵਿੱਚ ਅੱਗ ਲੱਗ ਗਈ, ਜੋ ਜਲਦੀ ਹੀ ਗੰਭੀਰ, ਨਿੱਕਾ, ਪੰਜਗਰਾਈ, ਬ੍ਰਾਹਮਣਾ, ਮੋਘਾਲਾ ਸਣੇ ਹੋਰਨਾਂ ਜੰਗਲੀ ਖੇਤਰਾਂ ਵਿੱਚ ਫੈਲ ਗਈ। ਕਾਲਾਕੋਟੇ ਦੇ ਕਾਲਾਰ, ਰੰਥਲ ਤੇ ਚਿੰਗੀ ਜੰਗਲੀ ਖੇਤਰ ਵਿੱਚ ਵੀ ਅੱਗ ਲੱਗਣ ਦੀ ਖ਼ਬਰ ਹੈ। ਜੰਮੂ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਖੇਤਾਂ ਵਿੱਚ ਵੀ ਅੱਗ ਲੱਗ ਗਈ। -ਪੀਟੀਆਈ