ਨਵੀਂ ਦਿੱਲੀ, 8 ਫਰਵਰੀ
ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਕੇਂਦਰੀ ਮੀਡੀਆ ਮਾਨਤਾ ਬਾਰੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੰਤਰਾਲੇ ਦੀ ਵੈੱਬਸਾਈਟ ਉਤੇ ਨਵੇਂ 10 ਨਿਯਮ ਜੋੜੇ ਗਏ ਜਿਨ੍ਹਾਂ ਕਾਰਨ ਪੱਤਰਕਾਰ ਦੀ ਮਾਨਤਾ ਰੱਦ ਹੋ ਸਕਦੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਦੀ ‘ਸੁਰੱਖਿਆ, ਪ੍ਰਭੁਸੱਤਾ ਤੇ ਅਖੰਡਤਾ’ ਦੇ ਨਾਲ-ਨਾਲ ‘ਜਨਤਕ ਵਿਵਸਥਾ, ਨੈਤਿਕਤਾ’ ਖ਼ਿਲਾਫ਼ ਕੰਮ ਕਰਨ ਵਾਲੇ ਪੱਤਰਕਾਰ ਆਪਣੀ ਮਾਨਤਾ ਗੁਆ ਲੈਣਗੇ। ਇਸ ਤੋਂ ਇਲਾਵਾ ਜੇ ਪੱਤਰਕਾਰ ਹੋਰਾਂ ਦੇਸ਼ਾਂ ਨਾਲ ਮਿੱਤਰਤਾ ਵਾਲਾ ਰਿਸ਼ਤਾ ਰੱਖੇਗਾ ਜਾਂ ਅਦਾਲਤ ਦੀ ਮਾਣਹਾਨੀ ਕਰੇਗਾ ਜਾਂ ਕਿਸੇ ਅਪਰਾਧ ਨੂੰ ਉਕਸਾਉਣ ਵਾਲੇ ਤਰੀਕਿਆਂ ਨਾਲ ਕੰਮ ਕਰੇਗਾ ਤਾਂ ਵੀ ਉਸ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਇਨ੍ਹਾਂ ਨਾਲ ਪੱਤਰਕਾਰਾਂ ਦੇ ਪੀਆਈਬੀ ਸਟੇਟਸ ਸਬੰਧੀ ਨਵੇਂ ਖ਼ਦਸ਼ੇ ਖੜ੍ਹੇ ਹੋ ਗਏ ਹਨ। ਨਵੀਆਂ ਹਦਾਇਤਾਂ ਵੱਖ-ਵੱਖ ਪੱਤਰਕਾਰ ਸੰਗਠਨਾਂ ਵੱਲੋਂ ਉਸ ਪ੍ਰਕਿਰਿਆ ਉਤੇ ਸਵਾਲ ਉਠਾਉਣ ਤੋਂ ਬਾਅਦ ਆਈਆਂ ਹਨ ਜਿਸ ਵਿਚ ਕੇਂਦਰ ਸਰਕਾਰ ਨੇ ਮਾਨਤਾ ਦੇਣ ਦੀ ਪ੍ਰਕਿਰਿਆ ਨੂੰ ਆਪਣੇ ਢੰਗ ਨਾਲ ਬਦਲਿਆ ਹੈ। ਜ਼ਿਕਰਯੋਗ ਹੈ ਕਿ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਹੀ ਸਰਕਾਰੀ ਦਫ਼ਤਰਾਂ ਤੇ ਸਮਾਗਮਾਂ ਵਿਚ ਦਾਖਲਾ ਮਿਲਦਾ ਹੈ। -ਟਨਸ