ਭੁਵਨੇਸ਼ਵਰ, 23 ਸਤੰਬਰ
ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇੱਥੇ ਪੁਲੀਸ ਥਾਣੇ ਵਿੱਚ ਇੱਕ ਫੌਜੀ ਅਧਿਕਾਰੀ ’ਤੇ ਕਥਿਤ ਤਸ਼ੱਦਦ ਕਰਨ ਅਤੇ ਉਸ ਦੀ ਮੰਗੇਤਰ ਦੇ ‘ਜਿਨਸੀ ਸ਼ੋਸ਼ਣ’ ਦੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਸੂਬਾ ਸਰਕਾਰ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਚਿਤਰੰਜਨ ਦਾਸ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਵੱਲੋਂ ਘਟਨਾ ਤੇ ਇਸ ਨਾਲ ਜੁੜੇ ਹਾਲਾਤ ਦੇ ਨਾਲ-ਨਾਲ ਇਸ ਨਾਲ ਸਬੰਧਤ ਵਿਅਕਤੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ, ਆਚਰਨ ਅਤੇ ਜਵਾਬਦੇਹੀ ਦੀ ਜਾਂਚ ਕੀਤੀ ਜਾਵੇਗੀ। ਜਾਂਚ ਰਿਪੋਰਟ 60 ਦਿਨਾਂ ਦੇ ਅੰਦਰ ਸੌਂਪੀ ਜਾਵੇਗੀ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘‘ਕਮਿਸ਼ਨ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਪਾਅ ਸੁਝਾਏਗਾ।’’ ਇਸ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਫੌਜੀ ਅਧਿਕਾਰੀ, ਉਸ ਦੀ ਮੰਗੇਤਰ ਅਤੇ ਔਰਤ ਦੇ ਪਿਤਾ ਨੇ ਅੱਜ ਸਵੇਰੇ ਇੱਥੇ ਸੂਬਾ ਸਕੱਤਰੇਤ ਵਿੱਚ ਮੁੱਖ ਮੰਤਰੀ ਮਾਝੀ ਨਾਲ ਮੁਲਾਕਾਤ ਕੀਤੀ। -ਪੀਟੀਆਈ