ਸੂਰਤ: ਗੁਜਰਾਤ ਵਿੱਚ ਪਿਛਲੇ ਹਫ਼ਤੇ ਇੱਕ ਨੌਜਵਾਨ ਵੱਲੋਂ ਜਨਤਕ ਤੌਰ ’ਤੇ ਸ਼ਰ੍ਹੇਆਮ ਗਲਾ ਵੱਢ ਕੇ ਕਤਲ ਕੀਤੀ ਗਈ ਇੱਕ ਕਾਲਜ ਵਿਦਿਆਰਥਣ ਦੇ ਅੰਤਿਮ ਸੰਸਕਾਰ ’ਚ ਲਗਪਗ ਇੱਕ ਹਜ਼ਾਰ ਲੋਕ ਸ਼ਾਮਲ ਹੋਏ। ਇਸ ਦੌਰਾਨ ਗੁੱਸੇ ਵਿੱਚ ਆਏ ਕੁਝ ਲੋਕਾਂ ਨੇ ਮੁਲਜ਼ਮ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਇਸ ਮੌਕੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਕਈ ਅਹਿਮ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਪ੍ਰਫੁੱਲ ਪਨਸੂਰੀਆ, ‘ਆਪ’ ਦੀ ਸਥਾਨਕ ਇਕਾਈ ਦੇ ਪ੍ਰਧਾਨ ਗੋਪਾਲ ਇਤਾਲੀਆ ਤੇ ਸਾਬਕਾ ਪਾਟੀਧਾਰ ਕੋਟਾ ਆਗੂ ਅਲਪੇਸ਼ ਕਥੀਰੀਆ ਵੀ ਹਾਜ਼ਰ ਸਨ। ਕੁਝ ਲੋਕਾਂ ਨੇ ਸੜਕ ਦੇ ਇੱਕ ਪਾਸੇ ਖੜ੍ਹ ਕੇ ਗਰਿਸ਼ਮਾ ਵੇਕਾਰੀਆ (21) ਦੀ ਦੇਹ ਲਿਜਾ ਰਹੀ ਵੈਨ ’ਤੇ ਫੁੱਲਾਂ ਦੀ ਵਰਖਾ ਕੀਤੀ। ਉਸਦੀ ਅੰਤਿਮ ਯਾਤਰਾ ਪਸੋਦਰਾ ਪਿੰਡ ਵਿੱਚ ਮ੍ਰਿਤਕਾ ਦੇ ਘਰ ਤੋਂ ਸ਼ੁਰੂ ਹੋਈ ਤੇ ਲਗਪਗ 10 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਸੂਰਤ ਸ਼ਹਿਰ ਵਿੱਚ ਅਸ਼ਵਨੀ ਕੁਮਾਰ ਸ਼ਮਸ਼ਾਨਘਾਟ ’ਚ ਪੁੱਜੀ। -ਪੀਟੀਆਈ