ਬੰਗਲੂਰੂ, 7 ਅਕਤੂਬਰ
ਬੰਗਲੂਰੂ ਨੇੜੇ ਬਨੇਰਗੱਟਾ ਨੈਸ਼ਨਲ ਪਾਰਕ ਵਿੱਚ ਸੈਲਾਨੀਆਂ ਦੇ ਇੱਚ ਸਮੂਹ ਲਈ ਸਫ਼ਾਰੀ ਦਾ ਮਜ਼ਾ ਉਦੋਂ ਕਿਰਕਿਰਾ ਹੋ ਗਿਆ, ਜਦੋਂ ਇੱਕ ਤੇਂਦੂਆ ਅਚਾਨਕ ਉਨ੍ਹਾਂ ਦੀ ਬੱਸ ਦੀ ਖਿੜਕੀ ’ਤੇ ਚੜ੍ਹ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ, ਜਿਸ ਵਿੱਚ ਤੇਂਦੂਆ ਨਾ ਸਿਰਫ਼ ਖਿੜਕੀ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ, ਬਲਕਿ ਉਹ ਖਿੜਕੀ ਤੋਂ ਡਰੇ ਹੋਏ ਸੈਲਾਨੀਆਂ ਵੱਲ ਝਾਕਦਾ ਵੀ ਦਿਖਾਈ ਦੇ ਰਿਹਾ ਹੈ। ਮਗਰੋਂ ਤੇਂਦੂਏ ਨੇ ਬੱਸ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਡਰਾਈਵਰ ਨੇ ਹੌਲੀ-ਹੌਲੀ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਇਸ ਉਪਰੰਤ ਤੇਂਦੂਆ ਜੰਗਲ ਵੱਲ ਪਰਤ ਗਿਆ। ਅਧਿਕਾਰੀਆਂ ਅਨੁਸਾਰ ਸਫ਼ਾਰੀ ਦੌਰਾਨ ਐਤਵਾਰ ਨੂੰ ਇਹ ਘਟਨਾ ਉਦੋਂ ਵਾਪਰੀ, ਜਦੋਂ ਡਰਾਈਵਰ ਨੇ ਜਾਨਵਰਾਂ ਨੂੰ ਨੇੜਿਓਂ ਦਿਖਾਉਣ ਲਈ ਬੱਸ ਅੱਗੇ ਵਧਾਈ। ਇਸੇ ਦੌਰਾਨ ਅਚਾਨਕ ਤੇਂਦੂਆ ਬੱਸ ਦੀ ਖਿੜਕੀ ’ਤੇ ਚੜ੍ਹ ਗਿਆ। ਸੈਲਾਨੀਆਂ ਨੇ ਇਸ ਘਟਨਾ ਨੂੰ ਕੈਮਰੇ ’ਚ ਕੈਦ ਕਰ ਲਿਆ। ਅਧਿਕਾਰੀ ਨੇ ਦੱਸਿਆ, ‘ਸ਼ੁਰੂ ਵਿੱਚ ਸੈਲਾਨੀ ਹੈਰਾਨ ਹੋ ਗਏ ਅਤੇ ਡਰ ਗਏ ਸੀ ਪਰ ਛੇਤੀ ਹੀ ਉਹ ਇਸ ਦਾ ਆਨੰਦ ਲੈਣ ਲੱਗੇ। -ਪੀਟੀਆਈ