ਕੰਨੌਜ, 25 ਅਕਤੂਬਰ
ਕੰਨੌਜ ਜ਼ਿਲ੍ਹੇ ਦੇ ਤਿਰਵਾ ਇਲਾਕੇ ਦੇ ਸਰਕਾਰੀ ਗੈਸਟ ਹਾਊਸ ’ਚੋਂ ਇੱਕ 12 ਸਾਲਾ ਲੜਕੀ ਖੂਨ ’ਚ ਲਥਪਥ ਤੇ ਦਰਦ ਨਾਲ ਵਿਲਕਦੀ ਹੋਈ ਮਿਲੀ ਹੈ। ਇਸ ਘਟਨਾ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰ ਹੋਈ ਹੈ ਜਿਸ ਵਿੱਚ ਮੌਕੇ ’ਤੇ ਖੜ੍ਹੇ ਲੋਕ ਲੜਕੀ ਦੀ ਵੀਡੀਓ ਬਣਾਉਂਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਇਕ ਪੁਲੀਸ ਮੁਲਾਜ਼ਮ ਲੜਕੀ ਨੂੰ ਆਟੋ ’ਚ ਬਿਠਾ ਕੇ ਹਸਪਤਾਲ ਲਿਜਾਂਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਐੱਸਪੀ ਕੁੰਵਰ ਅਨੁਪਰ ਸਿੰਘ ਨੇ ਦੱਸਿਆ ਕਿ ਇਹ ਲੜਕੀ ਬੀਤੇ ਦਿਨ ਗੋਲਕ ਖਰੀਦਣ ਗਈ ਸੀ ਪਰ ਘਰ ਨਾ ਪਰਤੀ। ਇਸ ਮਗਰੋਂ ਪਰਿਵਾਰ ਦੇ ਮੈਂਬਰਾਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ’ਚ ਇੱਕ ਨੌਜਵਾਨ ਲੜਕੀ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਮੈਡੀਕਲ ਰਿਪੋਰਟ ਆਉਣ ਤੱਕ ਲੜਕੀ ਨਾਲ ਜਬਰ ਜਨਾਹ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਗੈਸਟ ਹਾਊਸ ਦੇ ਗਾਰਡ ਨੇ ਜਦੋਂ ਲੜਕੀ ਨੂੰ ਦੇਖਿਆ ਤਾਂ ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਬਾਅਦ ਵਿੱਚ ਲੜਕੀ ਨੂੰ ਕਾਨਪੁਰ ਰੈੱਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗੈਸਟ ਹਾਊਸ ਦੀ ਸੀਸੀਟੀਵੀ ਫੁਟੇਜ ’ਚ ਲੜਕੀ ਇੱਕ ਨੌਜਵਾਨ ਨਾਲ ਗੱਲਬਾਤ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸਬੰਧਤ ਲੜਕੇ ਦੀ ਪਛਾਣ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ