ਨਵੀਂ ਦਿੱਲੀ, 5 ਮਾਰਚ
ਸੁਪਰੀਮ ਕੋਰਟ ਨੇ ਥਲ ਸੈਨਾ ਅਧਿਕਾਰੀ ਦੀ ਮਾਂ ਵੱਲੋਂ ਦਾਇਰ ਪਟੀਸ਼ਨ ਸੁਣਨ ਦੀ ਹਾਮੀ ਭਰ ਦਿੱਤੀ ਹੈ। ਪਟੀਸ਼ਨਰ ਕਮਲਾ ਭੱਟਾਚਾਰਜੀ (81) ਨੇ ਕਿਹਾ ਕਿ ਉਸ ਦਾ ਪੁੱਤਰ ਕੈਪਟਨ ਸਨਜੀਤ ਭੱਂਟਾਚਾਰਜੀ ਪਿਛਲੇ 23 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ ਤੇ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਉਸ ਦੇ ਪੁੱਤਰ ਦੀ ਵਾਪਸੀ ਲਈ ਸਫ਼ਾਰਤੀ ਚੈਨਲਾਂ ਜ਼ਰੀਏ ਫੌਰੀ ਕਦਮ ਪੁੱਟੇ। ਬੈਂਚ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਪਟੀਸ਼ਨਰ ਨੇ ਕਿਹਾ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਸਨਜੀਤ, ਜਿਸ ਨੂੰ ਅਗਸਤ 1992 ਵਿੱਚ ਭਾਰਤੀ ਥਲ ਸੈਨਾ ਦੀ ਗੋਰਖਾ ਰਾਈਫਲਜ਼ ਰੈਜੀਮੈਂਟ ’ਚ ਕਮਿਸ਼ਨ ਮਿਲਿਆ ਸੀ, ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ ਰੱਖਿਆ ਗਿਆ ਸੀ। ਪਟੀਸ਼ਨਰ ਨੇ ਕਿਹਾ ਕਿ ਫੌਜ ਨੇ ਪਰਿਵਾਰ ਨੂੰ ਸੂਚਿਤ ਕੀਤਾ ਸੀ ਕਿ 20 ਅਪਰੈਲ 1997 ’ਚ ਗੁਜਰਾਤ ਵਿੱਚ ਕੱਛ ਦੇ ਰਣ ਵਿੱਚ ਸਾਂਝੀ ਸਰਹੱਦ ’ਤੇ ਰਾਤ ਦੀ ਪੈਟਰੋਲਿੰਗ ਦੌਰਾਨ ਪਾਕਿਸਤਾਨ ਨੇ ਸਨਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਟੀਸ਼ਨਰ ਨੇ ਕਿਹਾ ਕਿ ਪਿਛਲੇ 23 ਸਾਲਾਂ ਤੋਂ ਉਸ ਦੇ ਪੁੱਤ ਨੂੰ ਢੁੱਕਵੀਂ ਅਥਾਰਿਟੀ ਅੱਗੇ ਆਪਣਾ ਕੇਸ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਨਾ ਹੀ ਪਰਿਵਾਰਕ ਮੈਂਬਰਾਂ ਨਾਲ ਰਾਬਤੇ ਦੀ ਇਜਾਜ਼ਤ ਦਿੱਤੀ ਗਈ ਹੈ। ਪਟੀਸ਼ਨਰ ਨੇ ਕਿਹਾ ਕਿ ਅਪਰੈਲ 2004 ਵਿੱਚ ਰੱਖਿਆ ਮੰਤਰਾਲੇ ਨੇ ਪਰਿਵਾਰ ਨੂੰ ਪੱਤਰ ਭੇਜਿਆ ਸੀ, ਜਿਸ ਵਿੱਚ ਸਨਜੀਤ ਨੂੰ ‘ਮਰਿਆ ਹੋਇਆ ਮੰਨ ਲੈਣ’ ਦੀ ਗੱਲ ਆਖੀ ਸੀ। ਮਗਰੋਂ 31 ਮਈ 2010 ਨੂੰ ਮੇਜਰ ਜਨਰਲ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਕਿ ਸਨਜੀਤ ਦਾ ਨਾਮ ‘ਲਾਪਤਾ ਜੰਗੀ ਕੈਦੀਆਂ’ ਦੀ ਸੂਚੀ ’ਚ ਸ਼ਾਮਲ ਕਰ ਲਿਆ ਗਿਆ ਹੈ। ਪਟੀਸ਼ਨਰ ਨੇ ਕਿਹਾ ਉਹਦਾ ਪਤੀ ਆਪਣੇ ਪੁੱਤ ਦੀ ਰਾਹ ਵੇਖਦਿਆਂ ਪਿਛਲੇ 28 ਨਵੰਬਰ ਨੂੰ ਜਹਾਨੋਂ ਤੁਰ ਗਿਆ। -ਪੀਟੀਆਈ