ਪਣਜੀ, 28 ਅਕਤੂਬਰ
ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ਿਆਂ ਦੀ ਸਖਤ ਵਰਗ ਵੰਡ ਦਾ ਯੁੱਗ ਖ਼ਤਮ ਹੋ ਗਿਆ ਹੈ। ਉਨ੍ਹਾਂ ਸਿੱਖਿਆ ਵਿੱਚ ਬਹੁਪੱਖੀ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ ਤਾਂ ਜੋ ਹੁਨਰਮੰਦ ਵਿਅਕਤੀ ਮੂਹਰੇ ਲਿਆਂਦੇ ਜਾ ਸਕਣ ਅਤੇ ਖੋਜ ਦੇ ਬਿਹਤਰ ਨਤੀਜੇ ਹਾਸਲ ਕੀਤੇ ਜਾ ਸਕਣ। ਉਨ੍ਹਾਂ ਵਿਗਿਆਨ ਤੇ ਤਕਨਾਲੋਜੀ ਸੰਸਥਾਵਾਂ ਵਿੱਚ ਹਿਊਮੈਨੀਟੀਜ਼ ਨੂੰ ਬਰਾਬਰ ਮਹੱਤਵ ਦੇਣ ’ਤੇ ਜ਼ੋਰ ਦਿੱਤਾ। ਇਸ ਮੌਕੇ ਨਾਇਡੂ ਨੇ ਉਤਰ ਗੋਆ ਜ਼ਿਲ੍ਹੇ ਵਿੱਚ ਪਰਨੇਮ ਵਿੱਚ ਸੰਤ ਸੋਹਿਰੋਬਾਨਾਥ ਅੰਬਾਏ ਸਰਕਾਰੀ ਕਾਲਜ (ਆਰਟਸ ਤੇ ਕਾਮਰਜ) ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਮਗਰੋਂ ਉਨ੍ਹਾਂ ਕਿਹਾ ਕਿ ਆਰਟਸ ਤੇ ਸਮਾਜਿਕ ਵਿਗਿਆਨ ਨੂੰ ਜ਼ਿਆਦਾ ਮਹੱਤਵ ਦੇਣ ਨਾਲ ਰਚਨਾਤਮਕਤਾ ਵਧਦੀ ਹੈ ਅਤੇ ਗੰਭੀਰਤਾ ਨਾਲ ਸੋਚਣ ਤੇ ਬੋਲਚਾਲ ਵਿੱਚ ਸੁਧਾਰ ਹੁੰਦਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਗੁਣਾਂ ਦੀ ਇੱਕੀਵੀਂ ਸਦੀ ਵਿੱਚ ਵਧੇਰੇ ਮੰਗ ਹੈ। ਸਮਾਗਮ ਵਿੱਚ ਗੋਆ ਦੇ ਰਾਜਪਾਲ ਪੀਐੱਸ ਸ੍ਰੀਧਰਨ ਪਿਲੱਈ, ਮੁੱਖ ਮੰਤਰੀ ਪ੍ਰਾਮੋਦ ਸਾਵੰਤ ਤੇ ਕੇਂਦਰੀ ਮੰਤਰੀ ਸ੍ਰੀਪਦ ਨਾਇਕ ਤੇ ਹੋਰ ਸ਼ਾਮਲ ਹੋਏ। ਨਾਇਡੂ ਨੇ ਵਿਸ਼ਵ ਪੱਧਰ ਦੇ ਖੋਜਾਰਥੀ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ਼ ਸਾਇੰਸ ਵਿੱਚ ਹੀ ਨਹੀਂ, ਸਗੋ ਸਮਾਜਿਕ ਵਿਗਿਆਨ, ਭਾਸ਼ਾਵਾਂ ਅਤੇ ਕਾਮਰਸ ਤੇ ਅਰਥਚਾਰੇ ਦੇ ਵਿਸ਼ਿਆਂ ਵਿੱਚ ਵੀ ਖੋਜਾਰਥੀਆਂ ਪੈਦਾ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਾਮਰਸ, ਇਕਨੋਮਿਕਸ ਤੇ ਭਾਸ਼ਾਵਾਂ ਸਬੰਧੀ ਲੈਬਾਰਟਰੀਆਂ ਸਥਾਪਿਤ ਕਰਨ ’ਤੇ ਗੋਆ ਸਰਕਾਰ ਦੀ ਸ਼ਲਾਘਾ ਕੀਤੀ। -ਪੀਟੀਆਈ