ਮੁੰਬਈ, 4 ਜੂਨ
ਮੁੰਬਈ ਦੇ ਪੱਛਮੀ ਉਪ-ਨਗਰ ਓਸ਼ੀਵਾੜਾ ’ਚ ਅੱਜ ਸਵੇਰੇ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਅੱਗ ਲੱਗ ਗਈ। ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅੱਗ ਛੇ ਮੰਜ਼ਿਲਾ ਆਸ਼ੀਆਨਾ ਟਾਵਰ ਦੇ ਇੱਕ ਹਿੱਸੇ ’ਚ ਸਵੇਰੇ ਅੱਠ ਵਜੇ ਲੱਗੀ ਸੀ ਅਤੇ ਇਸ ਦੀ ਪਹਿਲੀ ਮੰਜ਼ਿਲ ’ਤੇ ਫੈਲ ਗਈ। ਇੱਕ ਸਥਾਨਕ ਕੌਂਸਲਰ ਨੇ ਦੱਸਿਆ ਕਿ ਇੱਕ ਵੱਡਾ ਹਾਦਸਾ ਟਲ ਗਿਆ ਕਿਉਂਕਿ ਇੱਕ ਸੀਐੱਨਜੀ ਫਿਲਿੰਗ ਸਟੇਸ਼ਨ ਇਸ ਇਮਾਰਤ ਦੇ ਨੇੜੇ ਹੀ ਸਥਿਤ ਹੈ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਤੇ ਟੈਂਕਰ ਅੱਗ ਬੁਝਾਉਣ ਦੀ ਮੁਹਿੰਮ ’ਚ ਸ਼ਾਮਲ ਹੋਏ ਅਤੇ ਤਕਰੀਬਨ ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ। ਸਥਾਨਕ ਕੌਂਸਲਰ ਰਾਜੂ ਪੇਡਨੇਕਰ ਨੇ ਦੱਸਿਆ ਕਿ ਅੱਗ ਲੱਗਣ ਤੋਂ ਪਹਿਲਾਂ ਇਮਾਰਤ ’ਚ ਰਹਿੰਦੇ ਲੋਕਾਂ ਨੇ ਕੁਝ ਤੇਜ਼ ਆਵਾਜ਼ਾਂ ਸੁਣੀਆਂ ਸਨ। ਉਨ੍ਹਾਂ ਕਿਹਾ, ‘ਇਸ ਇਮਾਰਤ ਤੇ ਇੱਕ ਸਕੂਲ ਵਿਚਾਲੇ ਇੱਕ ਸੀਐੱਨਜੀ ਪੰਪ ਸਥਿਤ ਹੈ। ਜੇਕਰ ਅੱਗ ਫੈਲ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।’ -ਪੀਟੀਆਈ