ਨਵੀਂ ਦਿੱਲੀ, 8 ਜੁਲਾਈ
ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮਤਭੇਦ ਭੁੱਲ ਕੇ ਅੱਗੇ ਵਧਣ ਦਾ ਸਪੱਸ਼ਟ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਲਾਹ ’ਤੇ ਸਮੂਹਿਕ ਲੀਡਰਸ਼ਿਪ ਚੋਣਾਂ ਵਿੱਚ ਅੱਗੇ ਵਧਣ ਦਾ ਇਕੋ ਇਕ ਰਾਹ ਹੈ। ਪਾਇਲਟ ਨੇ ਇਸ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਸ ਨੂੰ ਕਿਹਾ ਕਿ ‘ਭੁੱਲੋ ਤੇ ਮੁਆਫ਼ ਕਰੋ’। ਉਨ੍ਹਾਂ ਦੀ ਗੱਲ ਉਸ ਲਈ ਸੁਝਾਅ ਦੇ ਨਾਲ ਨਿਰਦੇਸ਼ ਵੀ ਹੈ। ਉਨ੍ਹਾਂ ਕਿਹਾ,‘ਅਸ਼ੋਕ ਗਹਿਲੋਤ ਜੀ ਮੇਰੇ ਤੋਂ ਵੱਡੇ ਹਨ ਅਤੇ ਉਨ੍ਹਾਂ ਕੋਲ ਤਜਰਬਾ ਵੀ ਵੱਧ ਹੈ। ਉਨ੍ਹਾਂ ’ਤੇ ਵੱਡੀ ਜ਼ਿੰਮੇਵਾਰੀ ਹੈ। ਜਦੋਂ ਮੈਂ ਰਾਜਸਥਾਨ ਕਾਂਗਰਸ ਦਾ ਪ੍ਰਧਾਨ ਸੀ, ਉਦੋਂ ਮੈਂ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਹੈ ਕਿ ਮੌਜੂਦਾ ਸਮੇਂ ਉਹ ਮੁੱਖ ਮੰਤਰੀ (ਗਹਿਲੋਤ) ਹਨ, ਇਸ ਲਈ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਜੇ ਕਿਤੇ ਕੋਈ ਥੋੜ੍ਹਾ ਬਹੁਤਾ ਮਸਲਾ ਹੈ, ਤਾਂ ਉਹ ਬਹੁਤ ਵੱਡਾ ਮੁੱਦਾ ਨਹੀਂ ਹੈ ਕਿਉਂਕਿ ਪਾਰਟੀ ਤੇ ਲੋਕ ਕਿਸੇ ਵਿਅਕਤੀ ਤੋਂ ਵੱਧ ਅਹਿਮ ਹੈ। ਇਹ ਗੱਲ ਮੈਂ ਵੀ ਸਮਝਦਾ ਹਾਂ ਤੇ ਉਹ ਵੀ ਸਮਝਦੇ ਹਨ। ਪਾਇਲਟ ਨੇ ਕਾਂਗਰਸ ਲੀਡਰਸ਼ਿਪ ਦੀ ਅਗਵਾਈ ਹੇਠ ਹੋਈ ਮੀਟਿੰਗ ਦਾ ਜ਼ਿਕਰ ਕਰਦਿਆਂ ਕਿਹਾ, ‘ਮੀਟਿੰਗ ਵਿੱਚ ਉਸਾਰੂ, ਵਿਆਪਕ ਤੇ ਲੰਬੀ ਚਰਚਾ ਹੋਈ। ਕਿਵੇਂ ਚੋਣਾਂ ਲੜਨੀਆਂ ਹਨ ਤੇ ਜਿੱਤਣਾ ਹੈ, ਇਸ ਬਾਰੇ ਵਟਾਂਦਰਾ ਕੀਤਾ ਗਿਆ। -ਪੀਟੀਆਈ