ਕੋਲਕਾਤਾ, 27 ਜੂਨ
ਤ੍ਰਿਣਮੂੁਲ ਕਾਂਗਰਸ ਦੇ ਦੋ ਨਵੇਂ ਚੁਣੇ ਵਿਧਾਇਕਾਂ ਨੇ ਹਲਫ਼ਦਾਰੀ ਸਥਾਨ ਨੂੰ ਲੈ ਕੇ ਜਾਰੀ ਵਿਵਾਦ ਕਾਰਨ ਸਹੁੰ ਨਾ ਚੁੱਕ ਸਕਣ ਮਗਰੋਂ ਅੱਜ ਪੱਛਮੀ ਬੰਗਾਲ ਵਿਧਾਨ ਸਭਾ ਕੰਪਲੈਕਸ ’ਚ ਧਰਨਾ ਦਿੱਤਾ। ਰਾਜਪਾਲ ਨੇ ਦੋਵਾਂ ਵਿਧਾਇਕਾਂ ਨੂੰ ਰਾਜ ਭਵਨ ’ਚ ਸਹੁੰ ਚੁੱਕਣ ਲਈ ਕਿਹਾ ਸੀ, ਜਿਸ ਤੋਂ ਦੋਵਾਂ ਨੇ ਨਾਂਹ ਕਰ ਦਿੱਤੀ ਸੀ। ਬਾਰਾਨਗਰ ਤੋਂ ਮਹਿਲਾ ਵਿਧਾਇਕ ਸਯੰਤਿਕਾ ਬੰਦੋਪਾਧਿਆਏ ਅਤੇ ਭਗਬਨਗੋਲਾ ਤੋਂ ਵਿਧਾਇਕ ਰਾਯਤ ਹੁਸੈਨ ਸਰਕਾਰ ਅੱਜ ਵਿਧਾਨ ਸਭਾ ਕੰਪਲੈਕਸ ’ਚ ਡਾ. ਬੀਆਰ ਅੰਬੇਡਕਰ ਦੇ ਬੁੱਤ ਅੱਗੇ ਬੈਠ ਗਏ ਅਤੇ ਮੰਗ ਕੀਤੀ ਕਿ ਰਾਜਪਾਲ ਬੋਸ ਵਿਧਾਨ ਸਭਾ ’ਚ ਹਲਫ਼ਦਾਰੀ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸਹੁੰ ਚੁਕਾਉਣ ਤਾਂ ਜੋ ਉਹ ਵਿਧਾਇਕ ਵਜੋਂ ਆਪਣੇ ਫਰਜ਼ ਨਿਭਾ ਸਕਣ।
ਇਸੇ ਦੌਰਾਨ ਵਿਧਾਨ ਸਭਾ ਸਪੀਕਰ ਬਿਮਨ ਬੈਨਰਜੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਤ੍ਰਿਣਮੂਲ ਕਾਂਗਰਸ ਦੋ ਵਿਧਾਇਕਾਂ ਦੇ ਹਲਫ਼ਦਾਰੀ ਸਮਾਗਮ ਸਬੰਧੀ ਵਿਵਾਦ ਦੇ ਹੱਲ ਲਈ ਦਖਲ ਦੀ ਮੰਗ ਕੀਤੀ ਹੈ। ਸਪੀਕਰ ਬਿਮਨ ਬੈਨਰਜੀ ਨੇ ਕਿਹਾ, ‘‘ਮੈਂ ਮਾਣਯੋਗ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਮਾਮਲੇ ’ਚ ਦਖ਼ਲ ਮੰਗਿਆ ਹੈ ਤਾਂ ਕਿ ਉਹ ਰਾਜਪਾਲ ਨਾਲ ਗੱਲ ਕਰਕੇ ਇਸ ਵਿਵਾਦ ਨੂੰ ਹੱਲ ਕਰ ਸਕਣ। ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਸਬੰਧੀ ਜੋ ਕੁਝ ਹੋ ਰਿਹਾ ਹੈ ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਾਨੂੰ ਨਿਆਂ ਮਿਲਣ ਦੀ ਉਮੀਦ ਹੈ।’’
ਦੱਸਣਯੋਗ ਹੈ ਕਿ ਦੋਵਾਂ ਵਿਧਾਇਕਾਂ ਸਯੰਤਿਕਾ ਬੰਦੋਪਾਧਿਆਏ ਅਤੇ ਹੁਸੈਨ ਸਰਕਾਰ ਨੇ ਇਹ ਕਹਿੰਦਿਆਂ ਰਾਜਪਾਲ ਦਾ ਸੱਦਾ ਨਾਮਨਜ਼ੂਰ ਕਰ ਦਿੱਤਾ ਸੀ ਕਿ ਰਵਾਇਤ ਮੁਤਾਬਕ ਜ਼ਿਮਨੀ ਚੋਣ ਜਿੱਤਣ ਵਾਲੇ ਉਮੀਦਵਾਰ ਦੇ ਮਾਮਲੇ ’ਚ ਹਲਫ਼ ਦਿਵਾਉਣ ਦਾ ਕੰਮ ਰਾਜਪਾਲ ਵੱਲੋਂ ਵਿਧਾਨ ਸਭਾ ਸਪੀਕਰ ਜਾਂ ਡਿਪਟੀ ਸਪੀਕਰ ਨੂੰ ਸੌਂਪਿਆਂ ਜਾਂਦਾ ਹੈ। ਪਰ ਰਾਜਪਾਲ ਨੇ ਵਿਧਾਨ ਸਭਾ ’ਚ ਹਲਫ਼ਦਾਰੀ ਸਮਾਗਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਦਿੱਲੀ ਚਲੇ ਗਏ ਸਨ।
ਬੰਦੋਪਾਧਿਆਏ ਨੇ ਕਿਹਾ, ‘‘ਹਲਫ਼ਦਾਰੀ ਸਮਾਗਮ ਕਰਾਉਣ ਲਈ ਅਸੀਂ ਬੁੱਧਵਾਰ ਨੂੰ ਸ਼ਾਮ 4 ਵਜੇ ਤੱਕ ਰਾਜਪਾਲ ਦੀ ਉਡੀਕ ਕੀਤੀ ਪਰ ਉਹ ਨਹੀਂ ਆਏ। ਅੱਜ ਅਸੀਂ ਇਹ ਮੰਗ ਲੈ ਕੇ ਡਾ. ਅੰਬੇਡਕਰ ਦੇ ਬੁੱਤ ਸਾਹਮਣੇ ਧਰਨੇ ’ਤੇ ਬੈਠੇ ਹਾਂ ਕਿ ਲੋਕਾਂ ਦੇ ਕੰਮ ਕਰਨ ਦਾ ਸਾਡਾ ਸੰਵਿਧਾਨਕ ਅਧਿਕਾਰ ਸਾਨੂੰ ਜਲਦੀ ਦਿੱਤਾ ਜਾਵੇ।’’ ਦੋਵੇਂ ਨਵੇਂ ਚੁਣੇ ਵਿਧਾਇਕਾਂ ਨੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਦਿੱਤਾ। ਬੰਦੋਪਾਧਿਆਏ ਨੇ ਕਿਹਾ ਕਿ ਉਹ ਰਾਜਪਾਲ ਨੂੰ ਮੁੜ ਪੱਤਰ ਲਿਖੇ ਹਲਫ਼ਦਾਰੀ ਸਮਾਗਮ ਅਸੈਂਬਲੀ ’ਚ ਕਰਾਉਣ ਦੀ ਮੰਗ ਕਰਨਗੇ। -ਪੀਟੀਆਈ
ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਨਾਂਹ ਨਹੀਂ ਕਰ ਸਕਦੇ ਰਾਜਪਾਲ: ਮਮਤਾ ਬੈਨਰਜੀ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਰਾਜਪਾਲ ਸੀਵੀ ਆਨੰਦਾ ਬੋਸ ਕੋਲ ਵਿਧਾਇਕਾਂ ਨੂੰ ਸਹੁੰ ਚੁਕਾਉਣ ਦੀ ਪ੍ਰਕਿਰਿਆ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ਬੈਨਰਜੀ ਨੇ ਕਿਹਾ, ‘‘ਰਾਜ ਭਵਨ ਤੋਂ ਕਈ ਘਟਨਾਵਾਂ ਦੀ ਖ਼ਬਰ ਆਉਣ ਮਗਰੋਂ ਮੈਨੂੰ ਉਨ੍ਹਾਂ ਔਰਤਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਉਹ ਉੱਥੇ (ਰਾਜ ਭਵਨ) ਜਾਣ ’ਚ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।’’ ਮੁੱਖ ਮੰਤਰੀ ਨੇ ਸੂਬਾ ਸਕੱਤਰੇਤ ’ਚ ਕਿਹਾ, ‘‘ਮੇਰੇ ਪਾਰਟੀ ਵੱਲੋਂ ਸਯੰਤਿਕਾ ਬੰਦੋਪਾਧਿਆਏ ਅਤੇ ਰਾਯਤ ਹੁਸੈਨ ਸਰਕਾਰ ਲਗਪਗ ਇੱਕ ਮਹੀਨਾ ਪਹਿਲਾਂ ਵਿਧਾਇਕ ਚੁਣੇ ਗਏ ਸਨ ਪਰ ਹੁਣ ਤੱਕ ਉਹ ਸਹੁੰ ਨਹੀਂ ਚੁੱਕ ਸਕੇ। ਰਾਜਪਾਲ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ। ਜਨਤਾ ਨੇ ਉਨ੍ਹਾਂ ਨੂੰ ਚੁਣਿਆ ਹੈ, ਰਾਜਪਾਲ ਨੇ ਨਹੀਂ। ਰਾਜਪਾਲ ਵਿਧਾਇਕਾਂ ਨੂੰ ਸਹੁੰ ਚੁੱਕਣ ਦੇ ਉਨ੍ਹਾਂ ਦੇ ਅਧਿਕਾਰ ਤੋਂ ਵਾਂਝਿਆਂ ਨਹੀਂ ਕਰ ਸਕਦੇ।’’ ਮਮਤਾ ਬੈਨਰਜੀ ਮੁਤਾਬਕ, ‘‘ਕੀ ਸਾਰਿਆਂ ਨੂੰ ਰਾਜ ਭਵਨ ਜਾਣਾ ਚਾਹੀਦਾ ਹੈ? ਰਾਜਪਾਲ ਵੱਲੋਂ ਸਪੀਕਰ ਜਾਂ ਡਿਪਟੀ ਸਪੀਕਰ ਨੂੰ ਇਹ ਅਧਿਕਾਰ ਦਿੱਤਾ ਜਾ ਸਕਦਾ ਹੈ ਜਾਂ ਉਹ ਖ਼ੁਦ ਵਿਧਾਨ ਸਭਾ ਆ ਸਕਦੇ ਹਨ। ਔਰਤਾਂ ਨੇ ਮੈਨੂੰ ਦੱਸਿਆ ਕਿ ਰਾਜ ਭਵਨ ਤੋਂ ਆਈਆਂ ਖ਼ਬਰਾਂ ਦੇ ਮੱਦੇਨਜ਼ਰ ਉਹ ਉਥੇ ਜਾਣੋਂ ਡਰਦੀਆਂ ਹਨ।’’ -ਪੀਟੀਆਈ