ਲਖਨਊ, 9 ਜੂਨ
ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਕਸਤੂਰਬਾ ਗਾਂਧੀ ਰਿਹਾਇਸ਼ੀ ਸਕੂਲ ਵਿਚ ਕੰਮ ਕਰ ਰਹੀ ਅਧਿਆਪਕਾ ਅਨਾਮਿਕਾ ਸ਼ੁਕਲਾ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਹੋਰਾਂ ਨੇ ਅੱਠ ਹੋਰ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਨਿਯੁਕਤੀਆਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ 12 ਲੱਖ 24 ਹਜ਼ਾਰ 700 ਰੁਪਏ ਅਦਾ ਕੀਤੇ ਗਏ ਪਰ ਹਾਲੇ ਤੱਕ ਅਸਲ ਅਨਾਮਿਕਾ ਸ਼ੁਕਲਾ ਪੁਲੀਸ ਦੀ ਗ੍ਰਿਫਤ ਵਿੱਚ ਨਹੀਂ ਆਈ। ਬੇਸਿਕ ਸਿੱਖਿਆ ਮੰਤਰੀ ਸਤੀਸ਼ ਦਿਵੇਦੀ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬੜੋਤ, ਬਾਗਪਤ ਦੇ ਕਸਤੂਰਬਾ ਗਾਂਧੀ ਰਿਹਾਇਸ਼ੀ ਸਕੂਲਾਂ ਵਿੱਚ ਅਧਿਆਪਕਾ ਅਨਾਮਿਕਾ ਸ਼ੁਕਲਾ ਵੱਲੋਂ ਕੁੱਲ 25 ਸਕੂਲਾਂ ਵਿੱਚ ਕੰਮ ਕਰਨ ਤੇ ਇੱਕ ਕਰੋੜ ਰੁਪਏ ਤਨਖਾਹ ਲੈਣ ਦੀ ਰਿਪੋਰਟ ਸਾਹਮਣੇ ਆਈ। ਜਾਂਚ ਦੌਰਾਨ ਪਤਾ ਲੱਗਿਆ ਕਿ ਅਨਾਮਿਕਾ ਸ਼ੁਕਲਾ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਹੋਰਨਾਂ ਨੇ ਵਾਰਾਣਸੀ, ਅਲੀਗੜ੍ਹ, ਕਾਸਗੰਜ, ਅਮੇਠੀ, ਰਾਇਬਰੇਲੀ, ਪ੍ਰਯਾਗਰਾਜ, ਸਹਾਰਨਪੁਰ ਅਤੇ ਅੰਬੇਦਕਰਨਗਰ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਨ੍ਹਾਂ ਵਿੱਚੋਂ ਕਿਸੇ ਨੇ ਜੁਆਇਨ ਨਹੀਂ ਕੀਤਾ। ਅਨਾਮਿਕਾ ਸ਼ੁਕਲਾ ਦੇ ਦਸਤਾਵੇਜ਼ਾਂ ‘ਤੇ ਨਿਯੁਕਤ ਕੀਤੇ ਗਏ ਅਧਿਆਪਕਾਂ ਨੂੰ ਕੁੱਲ ਮਿਲਾ ਕੇ 12 ਲੱਖ 24 ਹਜ਼ਾਰ 700 ਰੁਪਏ 6 ਸਕੂਲਾਂ ਰਾਹੀਂ ਅਦਾ ਕੀਤੇ ਗਏ ਹਨ। ਸ੍ਰੀ ਦਿਵੇਦੀ ਨੇ ਕਿਹਾ ਕਿ ਇਹ ਸਥਿਤੀ ਹੁਣ ਤੱਕ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਈ ਹੈ। ਪੁਲੀਸ ਨੇ ਕਾਸਗੰਜ ਵਿੱਚ ਇੱਕ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਹੈ ਪਰ ਅਸਲ ਅਨਾਮਿਕਾ ਸ਼ੁਕਲਾ ਅਜੇ ਵੀ ਪੁਲੀਸ ਦੀ ਗ੍ਰਿਫਤ ’ਚੋਂ ਬਾਹਰ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਮਾਮਲੇ ਦੀ ਜਾਂਚ ਕਰੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਾਜ ਭਰ ਦੇ 746 ਕਸਤੂਰਬਾ ਗਾਂਧੀ ਸਕੂਲਾਂ ਵਿੱਚ ਪੰਜ ਹਜ਼ਾਰ ਦੇ ਕਰੀਬ ਅਧਿਆਪਕਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ।