ਗੁਰੂਗ੍ਰਾਮ, 3 ਅਕਤੂਬਰ
ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਵਿੱਚ ਇੱਕ ਪੁਰਾਣੀ ਇਮਾਰਤ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਦੋ ਮਜ਼ਦੂਰਾਂ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ ਜਦਕਿ ਦੋ ਮਜ਼ਦੂਰਾਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਹ ਹਾਦਸਾ ਅੱਜ ਸਵੇਰੇ ਲਗਪਗ 8 ਵਜੇ ਉਦਯੋਗ ਵਿਹਾਰ ਫੇਜ਼-1 ਇਲਾਕੇ ਵਿੱਚ ਉਦੋਂ ਵਾਪਰਿਆ ਜਦੋਂ 12 ਮਜ਼ਦੂਰ ਇਮਾਰਤ ਨੂੰ ਢਾਹੁਣ ਵਿੱਚ ਲੱਗੇ ਹੋਏ ਸਨ। ਪੁਲੀਸ ਮੁਤਾਬਕ ਤਿੰਨ ਮੰਜ਼ਿਲਾ ਇਮਾਰਤ ਨੂੰ ਢਾਹੁਣ ਦਾ ਕੰਮ 26 ਸਤੰਬਰ ਤੋਂ ਚੱਲ ਰਿਹਾ ਸੀ ਅਤੇ ਫੈਕਟਰੀ ਦੀਆਂ ਦੋ ਮੰਜ਼ਿਲਾਂ ਢਾਹ ਦਿੱਤੀਆਂ ਗਈਆਂ ਸਨ। ਇਹ ਹਾਦਸਾ ਆਖਰੀ ਮੰਜ਼ਿਲ ਦੀ ਛੱਤ ਡਿੱਗਣ ਕਾਰਨ ਵਾਪਰਿਆ। ਡੀਸੀਪੀ (ਪੱਛਮੀ) ਦੀਪਕ ਸਹਾਰਨ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹੈ ਅਤੇ ਗਾਜ਼ੀਆਬਾਦ ਤੋਂ ਐੱਨਡੀਆਰਐੱਫ ਦੀ ਟੀਮ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ, ਸਿਵਲ ਡਿਫੈਂਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਕੀਤਾ। ਪ੍ਰਸ਼ਾਸਨ ਵੱਲੋਂ ਐੱਸਡੀਐੱਮ ਨੂੰ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।