ਨਵੀਂ ਦਿੱਲੀ, 20 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਟੀਕਿਆਂ ਦੇ ਬੇਕਾਰ ਹੋਣ ਬਾਰੇ ਚੇਤੰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਵੀ ਟੀਕਾ ਬੇਕਾਰ ਹੋਣ ਦਾ ਮਤਲਬ ਹੈ ਕਿ ਕਿਸੇ ਇੱਕ ਜ਼ਿੰਦਗੀ ਨੂੰ ਲੋੜੀਂਦਾ ਸੁਰੱਖਿਆ ਕਵਰ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਛੱਤੀਸਗੜ੍ਹ, ਹਰਿਆਣਾ, ਕੇਰਲ, ਮਹਾਰਾਸ਼ਟਰ, ਓੁੜੀਸ਼ਾ, ਪੁੱਡੂਚੇਰੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਅਧਿਕਾਰੀਆਂ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਕੇਸ ਘਟ ਰਹੇ ਹਨ ਪਰ ਜਿੰਨੀ ਦੇਰ ਤੱਕ ਛੋਟੇ ਪੱਧਰ ’ਤੇ ਵੀ ਇਹ ਲਾਗ ਜਾਰੀ ਰਹੇਗੀ, ਚੁਣੌਤੀ ਵੀ ਬਣੀ ਰਹੇਗੀ। ਮੋਦੀ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਵਾਇਰਸ ਦੇ ਸੁਭਾਅ ਨੂੰ ਬਦਲਣ ਕਾਰਨ ਹੁਣ ਨੌਜਵਾਨਾਂ ਅਤੇ ਬੱਚਿਆਂ ਲਈ ਵਧੇਰੇ ਚਿੰਤਾ ਪਾਈ ਜਾ ਰਹੀ ਹੈ। ਸਾਨੂੰ ਭਵਿੱਖ ਲਈ ਹੋਰ ਤਿਆਰ ਰਹਿਣਾ ਪਵੇਗਾ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਕੁਲੈਕਟਰਾਂ ਨੂੰ ਆਪਣੇ ਜ਼ਿਲ੍ਹਿਆਂ ਵਿੱਚ ਨੌਜਵਾਨਾਂ, ਬੱਚਿਆਂ ਅਤੇ ਇਸ ਦੀ ਗੰਭੀਰਤਾ ਦੇ ਮੱਦੇਨਜ਼ਰ ਕਰੋਨਾ ਲਾਗ ਨਾਲ ਜੁੜੇ ਅੰਕੜੇ ਇਕੱਠੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟਾਂ ਨੇ 100 ਸਾਲਾਂ ਵਿੱਚ ਸਭ ਤੋਂ ਵੱਡੀ ਤਬਾਹੀ (ਕੋਵਿਡ) ਨਾਲ ਲੜਨ ਲਈ ਉਪਲੱਬਧ ਸਰੋਤਾਂ ਦੀ ਵਧੀਆ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਹਰ ਮਹਾਮਾਰੀ ਨੇ ਸਾਨੂੰ ਇਕ ਚੀਜ਼ ਸਿਖਾਈ ਹੈ। ਇਸ ਮਹਾਮਾਰੀ ਨਾਲ ਨਜਿੱਠਣ ਲਈ ਸਾਡੇ ਤਰੀਕਿਆਂ ਵਿੱਚ ਨਿਰੰਤਰ ਤਬਦੀਲੀ, ਨਿਰੰਤਰ ਨਵੀਨਤਾ ਅਹਿਮ ਹੈ। ਇਹ ਵਾਇਰਸ ਰੂਪ ਬਦਲਣ ’ਚ ਮਾਹਿਰ ਹੈ, ਇਸ ਲਈ ਸਾਨੂੰ ਤਰੀਕਿਆਂ ਅਤੇ ਰਣਨੀਤੀਆਂ ਨੂੰ ਵੀ ਬਦਲਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾਕਰਨ ਰਣਨੀਤੀ ਨੂੰ ਲੈ ਕੇ ਕੇਂਦਰ ਸਰਕਾਰ, ਸੂਬਿਆਂ ਤੋਂ ਮਿਲੇ ਸਾਰੇ ਸੁਝਾਆਂ ’ਤੇ ਅਮਲ ਕਰ ਰਹੀ ਹੈ ਅਤੇ ਇਸ ਨੂੰ ਧਿਆਨ ’ਚ ਰੱਖਦਿਆਂ ਕੇਂਦਰੀ ਸਿਹਤ ਮੰਤਰਾਲਾ ਸੂਬਿਆਂ ਨੂੰ ਅਗਲੇ 15 ਦਿਨਾਂ ਦੇ ਟੀਕਿਆਂ ਦੀ ਖੁਰਾਕ ਦੀ ਸੂਚਨਾ ਮੁਹੱਈਆ ਕਰਵਾ ਰਿਹਾ ਹੈ। -ਏਜੰਸੀ