ਨਵੀਂ ਦਿੱਲੀ, 7 ਜਨਵਰੀ
ਅਮਰੀਕਾ ਦੇ ਸ਼ਹਿਰ ਟੈਕਸਸ ’ਚ ਮਕੈਨਿਕਲ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਨਵਪਾਲ ਸਿੰਘ (22) ਕਿਸਾਨਾਂ ’ਤੇ ਆਏ ਸੰਕਟ ਨੂੰ ਦੇਖਦਿਆਂ ਉਨ੍ਹਾਂ ਦਾ ਸਾਥ ਦੇਣ ਲਈ ਇਥੇ ਅੰਦੋਲਨ ’ਚ ਪਹੁੰਚ ਗਿਆ। ਉਸ ਦੇ ਪਿਤਾ ਅਤੇ ਦਾਦਾ ਕਿਸਾਨ ਹਨ ਜਿਸ ਕਾਰਨ ਉਸ ਨੂੰ ਅੰਦੋਲਨ ’ਚ ਆਉਣ ਲਈ ਮਜਬੂਰ ਹੋਣਾ ਪਿਆ। ਨਵਪਾਲ ਸਿੰਘ ਨੇ ਕਿਹਾ,‘‘ਮੈਂ ਪਿਛਲੇ ਸਾਲ ਮਾਰਚ ’ਚ ਘਰੇ ਆਇਆ ਸੀ ਅਤੇ ਮੁੜ ਅਜੇ ਵਤਨ ਪਰਤਣ ਦੀ ਕੋਈ ਯੋਜਨਾ ਨਹੀਂ ਸੀ ਪਰ ਕਿਸਾਨ ਅੰਦੋਲਨ ਨੇ ਦੇਸ਼ ਅਤੇ ਵਿਦੇਸ਼ ’ਚ ਜਿਹੋ ਜਿਹਾ ਰੂਪ ਲੈ ਲਿਆ ਹੈ, ਉਸ ਤੋਂ ਮੈਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਿਆ।’’
ਉਹ ਸੋਮਵਾਰ ਨੂੰ ਭਾਰਤ ਪਹੁੰਚਿਆ ਹੈ ਅਤੇ ਰੋਜ਼ ਜਲੰਧਰ ਤੋਂ ਸਿੰਘੂ ਬਾਰਡਰ ਦੇ ਧਰਨੇ ’ਚ ਪਹੁੰਚ ਰਿਹਾ ਹੈ। ‘ਲੋਕ ਸੋਚਦੇ ਹੋਣਗੇ ਕਿ ਮੇਰਾ ਕਿਸਾਨੀ ਨਾਲ ਸਿੱਧਾ ਕੋਈ ਵਾਸਤਾ ਨਹੀਂ ਹੈ ਕਿਉਂਕਿ ਮੈਂ ਅਮਰੀਕਾ ’ਚ ਪੜ੍ਹ ਰਿਹਾ ਹਾਂ। ਪਰ ਲੋਕ ਨਹੀਂ ਜਾਣਦੇ ਕਿ ਮੇਰੇ ਪਿਤਾ ਅਤੇ ਦਾਦਾ ਕਿਸਾਨ ਹਨ। ਕਿਸਾਨਾਂ ਤੋਂ ਬਿਨਾਂ ਮੇਰਾ ਅਮਰੀਕਾ ਜਾਣ ਦਾ ਸੁਫ਼ਨਾ ਪੂਰਾ ਨਹੀਂ ਹੋਣਾ ਸੀ। ਹੁਣ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਅੱਗੇ ਆ ਕੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜਾਂ।’ ਨਵਪਾਲ ਸਿੰਘ ਨੇ ਕਿਹਾ ਕਿ ਵਾਰਤਾ ਲਈ ਤਰੀਕ ’ਤੇ ਤਰੀਕ ਦੇ ਕੇ ਸਰਕਾਰ ਅੰਦੋਲਨ ਨੂੰ ਲੰਬਾ ਖਿੱਚਣਾ ਚਾਹੁੰਦੀ ਹੈ ਅਤੇ ਉਸ ਨੇ ਉਮੀਦ ਲਾਈ ਹੋਈ ਹੈ ਕਿ ਇਹ ਕਿਸਾਨਾਂ ਨੂੰ ਤੋੜ ਦੇਵੇਗੀ ਪਰ ਉਹ ਗਲਤਫਹਿਮੀ ’ਚ ਹੈ। ਟੈਕਸਸ ਲਈ 18 ਜਨਵਰੀ ਨੂੰ ਰਵਾਨਾ ਹੋਣ ਜਾ ਰਹੇ ਨੌਜਵਾਨ ਨੇ ਕਿਹਾ ਕਿ ਅਜਿਹਾ ਅੰਦੋਲਨ ਕਦੇ ਕਦਾਈਂ ਹੀ ਹੁੰਦਾ ਹੈ ਅਤੇ ਅੱਜ ਦੇ ਟਰੈਕਟਰ ਮਾਰਚ ਨੇ ਕਿਸਾਨਾਂ ਦੀ ਤਾਕਤ ਨੂੰ ਦਰਸਾ ਦਿੱਤਾ ਹੈ। -ਪੀਟੀਆਈ