ਅਹਿਮਦਾਬਾਦ, 12 ਜੂਨ
ਗੁਜਰਾਤ ਵਿੱਚ ਆਪਣੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਤੋਂ ਕੁਝ ਦਿਨਾਂ ਬਾਅਦ ਅੱਜ ਆਮ ਆਦਮੀ ਪਾਰਟੀ ਨੇ ਪੁਨਰਗਠਿਤ ਕੀਤੀ ਆਪਣੀ ਸੂਬਾ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸੇ ਸਾਲ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਬਜ਼ ਧਿਰ ਭਾਜਪਾ ਨਾਲ ਸਿੱਧੀ ਲੜਾਈ ਲੜਨ ਲਈ ‘ਆਪ’ ਤਿਆਰ ਹੈ। ਪਾਰਟੀ ਵੱਲੋਂ ਕਿਸ਼ੋਰ ਦੇਸਾਈ ਨੂੰ ਸੂਬਾ ਪ੍ਰਧਾਨ, ਮਨੋਜ ਸੋਰਾਥੀਆ ਨੂੰ ਸੂਬਾ ਜਨਰਲ ਸਕੱਤਰ ਅਤੇ ਕੈਲਾਸ਼ ਗਧਵੀ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ‘ਆਪ’ ਵੱਲੋਂ ਇਸੂਦਾਨ ਗਧਵੀ ਨੂੰ ਪਾਰਟੀ ਦਾ ਕੌਮੀ ਜੁਆਇੰਟ ਜਨਰਲ ਸਕੱਤਰ ਅਤੇ ਇੰਦਰਾਨੀ ਰਾਜਗੁਰੂ ਨੂੰ ਕੌਮੀ ਜੁਆਇੰਟ ਸਕੱਤਰ ਵੀ ਐਲਾਨਿਆ ਗਿਆ ਹੈ। ਜਾਰੀ ਸੂਚੀ ਅਨੁਸਾਰ ਪਾਰਟੀ ਵੱਲੋਂ ਸੂਬਾ ਪੱਧਰ ’ਤੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਤੇ ਮੀਤ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ, ਲੋਕ ਸਭਾ ਤੇ ਜ਼ਿਲ੍ਹਾ ਪ੍ਰਮੁੱਖ ਅਤੇ ਵਿਧਾਨ ਸਭਾ ਸੰਗਠਨ ਮੰਤਰੀ ਵੀ ਨਿਯੁਕਤ ਕੀਤੇ ਗਏ ਹਨ। ਗੁਜਰਾਤ ਦੇ ਇਸ ਪੁਨਰਗਠਿਤ ਜਥੇਬੰਦਕ ਢਾਂਚੇ ਵਿੱਚ ਕੁੱਲ 850 ‘ਆਪ’ ਮੈਂਬਰਾਂ ਨੂੰ ਥਾਂ ਮਿਲੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ‘ਆਪ’ ਦੇ ਗੁਜਰਾਤ ਮਾਮਲਿਆਂ ਦੇ ਇੰਚਾਰਜ ਸੰਦੀਪ ਪਾਠਕ ਨੇ ਕਿਹਾ, ‘‘ਸੂਬਾ ਇਕਾਈ ਨੂੰ ਪਿਛਲੇ ਦਿਨੀਂ ਭੰਗ ਕਰਨ ਦਾ ਮਕਸਦ ਵਧੇ ਹੋਏ ਪਰਿਵਾਰ ਵਿੱਚ ਨਵੇਂ ਮੈਂਬਰਾਂ ਨੂੰ ਢੁਕਵੀਂ ਥਾਂ ਦੇਣਾ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪੁਨਰਗਠਿਤ ਕਰਨਾ ਸੀ।’’ -ਪੀਟੀਆਈ