ਲਖਨਊ, 12 ਸਤੰਬਰ
‘ਆਪ’ ਆਗੂ ਸੰਜੈ ਸਿੰਘ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਉੱਤਰ ਪ੍ਰਦੇਸ਼ ’ਚ ਸਾਰੀਆਂ ਸੀਟਾਂ ’ਤੇ ਚੋਣ ਲੜ ਸਕਦੀ ਹੈ ਅਤੇ ‘ਆਪ’ ਨੂੰ ਛੋਟੀ ਪਾਰਟੀ ਮੰਨਣਾ ਇੱਕ ਗਲਤੀ ਹੋਵੇਗੀ ਕਿਉਂਕਿ ਇਹ ਹਾਲੀਆ ਪੰਚਾਇਤ ਚੋਣਾਂ ਵਿੱਚ ਉਹ ਕਾਂਗਰਸ ਤੋਂ ਵੱਧ ‘ਮਜ਼ਬੂਤ’ ਬਣ ਕੇ ਉੱਭਰੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ ਸਪੱਸ਼ਟ ਕੀਤਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਸ ਵੱਲੋਂ ਕਿਸੇ ਵੀ ਹੋਰ ਪਾਰਟੀ ਨਾਲ ਗੱਠਜੋੜ ਬਾਰੇ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ। ਸੰਜੈ ਸਿੰਘ, ਜੋ ਕਿ ‘ਆਪ’ ਦੇ ਉੱਤਰ ਪ੍ਰਦੇਸ਼ ਇੰਚਾਰਜ ਹਨ, ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਸੂਬੇ ਵਿੱਚ ਸਾਡੀ ਪਾਰਟੀ ਕਾਂਗਰਸ ਨਾਲੋਂ ਵੱਧ ਮਜ਼ਬੂਤ ਹੈ। ਪੰਚਾਇਤ ਚੋਣਾਂ ’ਚ ਕਾਂਗਰਸ ਨੂੰ 40 ਸੀਟਾਂ ਮਿਲੀਆਂ ਸਨ ਜਦਕਿ ਅਸੀਂ 83 ਸੀਟਾਂ ’ਤੇ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ’ਚ ਪਾਰਟੀ ਦੇ 1,600 ਉਮੀਦਵਾਰ ਮੈਦਾਨ ਵਿੱਚ ਸਨ ਅਤੇ ‘ਆਪ’ ਨੂੰ 40 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ।’ ਜ਼ਿਕਰਯੋਗ ਹੈ ਕਿ ‘ਆਪ’ 2014 ਅਤੇ 2019 ਦੀਆਂ ਸੰਸਦੀ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ’ਚ ਵਿੱਚ ਕੁਝ ਚੋਣਵੀਂਆਂ ਸੀਟਾਂ ’ਤੇ ਕਿਸਮਤ ਅਜ਼ਮਾ ਚੁੱਕੀ ਹੈ, ਜਿੱਥੇ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ ਸੀ। ਦਿੱਲੀ ਵਿੱਚ ਸੱਤਾ ’ਚ ਆਉਣ ਮਗਰੋਂ ਪਾਰਟੀ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਕੇ ਉੱਭਰੀ ਹੈ ਅਤੇ ਇਹ ਹੋਰ ਸੂਬਿਆਂ ਜਿਵੇਂ ਗੋਆ, ਉੱਤਰਖੰਡ ਅਤੇ ਗੁਜਰਾਤ ਆਦਿ ਵਿੱਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਜੈ ਸਿੰਘ ਨੇ ਕਿਹਾ, ‘ਅਸੀਂ ਸਾਰੀਆਂ 403 ਸੀਟਾਂ ’ਤੇ ਇਕੱਲਿਆਂ ਲੜਨ ਦੀ ਤਿਆਰੀ ਕਰ ਰਹੇ ਹਾਂ। ਮੌਜੂਦਾ ਸਮੇਂ ਅਸੀਂ ਗੱਠਜੋੜ ਲਈ ਕਿਸੇ ਵੀ ਪਾਰਟੀ ਨਾਲ ਗੱਲਬਾਤ ਨਹੀਂ ਕਰ ਰਹੇ। ਸਾਡਾ ਧਿਆਨ ਸੂਬੇ ’ਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ’ਤੇ ਕੇਂਦਰਿਤ ਹੈ ਅਤੇ ਲੰਘੇ ਡੇਢ ਮਹੀਨੇ ’ਚ ਅਸੀਂ ਇੱਕ ਕਰੋੜ ਤੋਂ ਵੱਧ ਮੈਂਬਰ ਬਣਾਏ ਹਨ।’ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਨਾਲ ਸਬੰਧਤ ਸੰਜੇ ਸਿੰਘ ਨੇ ਕਿਹਾ, ‘ਪਾਰਟੀ ਨੇ 100-150 ਸੀਟਾਂ ’ਤੇ ਵਿਧਾਨ ਸਭਾ ਇੰਚਾਰਜ ਬਣਾਏ ਹਨ ਅਤੇ ਸਾਡੇ ਆਗੂ ਉਨ੍ਹਾਂ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹਨ ਜਿਹੜੇ ਚੋਣਾਂ ਲੜਨਾ ਚਾਹੁੰਦੇ ਹਨ।’ -ਪੀਟੀਆਈ