ਬੰਗਲੂਰੂ, 21 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਵਾਂਗ ਕਰਨਾਟਕ ਵਿੱਚ ਵੀ ਸਰਕਾਰ ਬਣਾਏਗੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਰਨਾਟਕ ਰਾਜ ਰਾਈਥਾ ਸੰਘ ਦੀ ਅਗਵਾਈ ਹੇਠ ਕਰਵਾਈ ਕਿਸਾਨ ਰੈਲੀ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘ਅਸੀਂ, ਆਮ ਲੋਕਾਂ ਨੇ ਜਦੋਂ ਭ੍ਰਿਸ਼ਟਾਚਾਰ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਤਾਂ ਸਾਨੂੰ ਰਾਜਨੀਤੀ ’ਚ ਆਉਣ ਦੀ ਚੁਣੌਤੀ ਦਿੱਤੀ ਗਈ। ਅਸੀਂ ਇੱਕ ਰਾਜਨੀਤਕ ਪਾਰਟੀ ਬਣਾਈ। ਸਾਡੀ ਪਹਿਲੀ ਸਰਕਾਰ ਦਿੱਲੀ ਵਿੱਚ ਬਣੀ ਤੇ ਇਸ ਮਗਰੋਂ ਪੰਜਾਬ ਵਿੱਚ। ਹੁਣ, ਅਸੀਂ ਕਰਨਾਟਕ ਵਿੱਚ ਅਗਲੀ ਸਰਕਾਰ ਬਣਾਵਾਂਗੇ।’ ਇਸ ਮੌਕੋ ਕੇਆਰਆਰਐੱਸ ਦੇ ਕਨਵੀਨਰ ਕੋਧੀਹੱਲੀ ਚੰਦਰਸ਼ੇਖਰ ਨੇ ‘ਆਪ’ ਵਿੱਚ ਸ਼ਾਮਲ ਹੁੰਦਿਆਂ ਜਥੇਬੰਦੀ ਦੇ ਮੈਂਬਰਾਂ ਨੂੰ ਪਾਰਟੀ ਨੂੰ ਸਮਰਥਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਮਾਨਦਾਰ ਸਰਕਾਰ ਹੈ ਤੇ ਇੱਥੇ ਇੱਕ ਪੈਸੇ ਦੀ ਵੀ ਰਿਸ਼ਵਤ ਨਹੀਂ ਲਈ ਜਾਂਦੀ। -ਪੀਟੀਆਈ
‘ਆਪ’ ਵੱਲੋਂ ਮੁਲਕ ਭਰ ਵਿੱਚ ਸਰਵੇਖਣ ਸ਼ੁਰੂ
ਨਵੀਂ ਦਿੱਲੀ: ਭਾਜਪਾ ਖ਼ਿਲਾਫ਼ ਖ਼ੁਦ ਨੂੰ ਇੱਕੋ-ਇੱਕ ਬਦਲ ਦੱਸਦਿਆਂ ਆਮ ਆਦਮੀ ਪਾਰਟੀ ਨੇ ਅੱਜ ਮੁਲਕ ਪੱਧਰ ’ਤੇ ਇੱਕ ਸਰਵੇਖਣ ਲਾਂਚ ਕੀਤਾ ਹੈ, ਜਿਸਦਾ ਮਕਸਦ ਦੋਵਾਂ ਪਾਰਟੀਆਂ ਬਾਰੇ ਲੋਕਾਂ ਦੀ ਰਾਇ ਜਾਣਨਾ ਹੈ। ਪਾਰਟੀ ਦੇ ਮੁੱਖ ਦਫ਼ਤਰ ’ਚ ਇੱਕ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਕਿਹਾ ਕਿ ਇਹ ਸਰਵੇਖਣ ਇਸ ਲਈ ਕਰਵਾਇਆ ਜਾ ਰਿਹਾ ਹੈ ਕਿਉਂਕਿ ਮੁਲਕ ਕੋਲ ਅੱਜ ਸਿਰਫ਼ ਦੋ ਬਦਲ ਹੀ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ‘ਇੰਟਰਐਕਟਿਵ ਵੁਆਇਸ ਰਿਸਪੌਂਸ ਸਿਸਟਮ (ਆਈਵੀਆਰਐੱਸ) ਕਾਲਾਂ, ਮਿਸਡ ਕਾਲਾਂ ਤੇ ਸੋਸ਼ਲ ਮੀਡੀਆ ਰਾਹੀਂ ਮੁਲਕ ਦੇ ਲੋਕਾਂ ਦੀ ਰਾਇ ਲਈ ਜਾਵੇਗੀ।’ -ਪੀਟੀਆਈ