ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ‘ਆਪ’ ਵੱਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੇ ਲਾਏ ਦੋਸ਼ਾਂ ਨੂੰ ‘ਝੂਠਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਚਾਹੁੰਦੀ ਹੈ ਤਾਂ ਉਹ ਐਫਆਈਆਰ ਦਰਜ ਕਰਵਾ ਸਕਦੀ ਹੈ। ਉਨ੍ਹਾਂ ਨੂੰ ਕੋਈ ਰੋਕ ਨਹੀਂ ਰਿਹਾ। ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ‘ਆਪ’ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀ ਕਿ ਭਗਵਾ ਪਾਰਟੀ ਨੇ ਉਨ੍ਹਾਂ ਦੇ ਦਰਜਨ ਦੇ ਕਰੀਬ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਤੇ ਉਨ੍ਹਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਸ਼ਰਮਾ ਨੇ ਵਿਧਾਇਕਾਂ ਨੂੰ ਭਾਜਪਾ ਵੱਲੋਂ ‘ਧਮਕੀ’ ਦਿੱਤੇ ਜਾਣ ’ਤੇ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ‘ਆਪ’ ਨੂੰ ਇੱਕੋ ਇੱਕ ਧਮਕੀ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਸੀ, ਕਿਉਂਕਿ ਉਹ ਕਦੇ ਨਹੀਂ ਚਾਹੁੰਦੇ ਸਨ ਕਿ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਬਣਨ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ, ‘‘ਆਪ ਨੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਅਤੇ ਫਿਰ ਵੀ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜੋ ਹੈਰਾਨੀਜਨਕ ਹੈ।’’ ਉਨ੍ਹਾਂ ਕਿਹਾ ਕਿ ‘ਆਪ’ ਝੂਠ ਬੋਲਣ ਵਾਲੇ ਮਾਹਿਰਾਂ ਦਾ ਟੋਲਾ ਹੈ ਜੋ ਰੋਜ਼ਾਨਾ ਨਵਾਂ ਜੁਮਲਾ ਕੱਢ ਰਿਹਾ ਹੈ।