ਨਵੀਂ ਦਿੱਲੀ, 18 ਸਤੰਬਰ
ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ‘ਗੁਜਰਾਤ ਚੋਣਾਂ’ ਜਿੱਤਣ ਦੇ ਦਾਅਵਿਆਂ ਨੂੰ ‘ਪੁਰਾਣਾ ਡਰਾਮਾ’ ਕਰਾਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ‘ਆਪ’ ਅਜਿਹੇ ਦਾਅਵੇ ਹਰ ਚੋਣ ਤੋਂ ਪਹਿਲਾਂ ਕਰਦੀ ਹੈ ਕਿ ਉਹ ਜਿੱਤ ਰਹੀ ਹੈ, ਜਿਸ ਕਰਕੇ ਬਾਕੀ ਪਾਰਟੀਆਂ ਪ੍ਰੇਸ਼ਾਨ ਹਨ। ਭਾਜਪਾ ਨੇ ਕਿਹਾ ਕਿ ਕੇਜਰੀਵਾਲ ‘ਹੰਕਾਰੀ’ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕੇਜਰੀਵਾਲ ਦੇ ਇਸ ਬਿਆਨ ਕਿ ‘ਆਪ’ ਆਗੂ ਕੇਂਦਰੀ ਜਾਂਚ ਏਜੰਸੀਆਂ ਦੀ ਗ੍ਰਿਫ਼ਤਾਰੀ ਲਈ ਤਿਆਰ ਰਹਿਣ, ਦੇ ਹਵਾਲੇ ਨਾਲ ‘ਆਪ’ ਆਗੂ ’ਤੇ ਭ੍ਰਿਸ਼ਟਾਚਾਰ ਨੂੰ ‘ਵਡਿਆਉਣ’ ਦਾ ਦੋਸ਼ ਲਾਇਆ। ਪਾਤਰਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੇਜਰੀਵਾਲ ਆਪਣੇ ‘ਦਾਗ਼ੀ’ ਸਾਥੀਆਂ ਦਾ ਬਚਾਅ ਕਰਦੇ ਹਨ, ਫਿਰ ਭਾਵੇਂ ਸਬੂਤਾਂ ਕਰਕੇ ਇਨ੍ਹਾਂ ਸਾਥੀਆਂ ਨੂੰ ਮਗਰੋਂ ਅਸਤੀਫ਼ੇ ਹੀ ਕਿਉਂ ਨਾ ਦੇਣੇ ਪੈਣ। ਪਾਤਰਾ ਨੇ ਕਿਹਾ ਕਿ ਕੇਜਰੀਵਾਲ ‘ਹੰਕਾਰੀ’ ਤੇ ‘ਬਿਆਨ ਬਹਾਦੁਰ’ ਹੈ, ਜੋ ਦੋ ਰਾਜਾਂ ਵਿੱਚ ਆਪਣੀ ਪਾਰਟੀ ਦੀ ਜਿੱਤ ਮਗਰੋਂ ਖ਼ੁਦ ਨੂੰ ਭਗਵਾਨ ਸਮਝਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਕੌਮੀ ਕਨਵੀਨਰ ਆਪਣੀ ਪਾਰਟੀ ਨੂੰ ਭਗਵਾਨ ਕ੍ਰਿਸ਼ਨ ਦੇ ਬਚਪਨ ਦਾ ਰੂਪ ‘ਕਾਨ੍ਹਾ’ ਮੰਨਦਾ ਹੈ, ਜਿਸ ਨੇ ਵੱਡੇ ਸ਼ੈਤਾਨਾਂ ਦਾ ਨਾਸ਼ ਕੀਤਾ ਸੀ। ਤਰਜਮਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਸ਼ਰਾਬ ਦੇ ਵਪਾਰ ’ਚ ‘ਕਮਿਸ਼ਨ’ ਲੈਂਦਾ ਹੈ, ਉਹ ਖੁ਼ਦ ਦੀ ਤੁਲਨਾ ‘ਕਾਨ੍ਹਾ’ ਨਾਲ ਕਰਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਦਾਅਵਿਆਂ ਦੇ ਬਾਵਜੂਦ ‘ਆਪ’ ਹਿਮਾਚਲ ਪ੍ਰਦੇਸ਼ ਵਿੱਚ ਖਿੰਡ ਗਈ ਹੈ ਜਦੋਂਕਿ ਉੱਤਰਾਖੰਡ ਵਿਚਲਾ ਉਨ੍ਹਾਂ ਦਾ ਪ੍ਰਧਾਨ ਅਹੁਦਾ ਛੱਡ ਗਿਆ ਹੈ। ਪਾਤਰਾ ਨੇ ਗੁਜਰਾਤ ਬਾਰੇ ਕੇਜਰੀਵਾਲ ਦੇ ਦਾਅਵਿਆਂ ਦਾ ਮੌਜੂ ਉਡਾਉਂਦਿਆਂ ਕਿਹਾ ਕਿ ਭਾਜਪਾ ਦੇ ਦਹਾਕਿਆਂ ਦੇ ਰਾਜ ਦੌਰਾਨ ਗੁਜਰਾਤ ਤਰੱਕੀ ਤੇ ਵਿਕਾਸ ਦੇ ਰਾਹ ’ਤੇ ਹੈ ਅਤੇ ਅੱਗੋਂ ਵੀ ਰਹੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਦਾਅਵਿਆਂ ਦੇ ਉਲਟ ‘ਆਪ’ ‘ਕੱਟੜ ਬੇਈਮਾਨ’ ਤੇ ਭ੍ਰਿਸ਼ਟ ਹੈ। ‘ਰਿਓੜੀ ਸਭਿਆਚਾਰ’ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਿਆਂ ਦਾ ਜਵਾਬ ਦਿੰਦਿਆਂ ਪਾਤਰਾ ਨੇ ਕਿਹਾ ਕਿ ਸਰਹੱਦ ਪਾਰ ਦਹਿਸ਼ਤੀ ਕੈਂਪਾਂ ’ਤੇ ਸਰਜੀਕਲ ਹਮਲਿਆਂ ਲਈ ਥਲ ਸੈਨਾ ਤੋਂ ਸਬੂਤ ਮੰਗਣ ਵਾਲੇ ਅਸਲ ਗੱਦਾਰ ਹਨ। -ਪੀਟੀਆਈ