ਨਵੀਂ ਦਿੱਲੀ, 14 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਏਬੀਜੀ ਸ਼ਿਪਯਾਰਡ ਦਾ ਖਾਤਾ ਪਿਛਲੀ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਐੱਨਪੀਏ (ਡੁੱਬੀ ਹੋਈ ਰਕਮ) ਵਿਚ ਤਬਦੀਲ ਹੋਇਆ ਸੀ ਅਤੇ ਬੈਂਕਾਂ ਨੇ ਔਸਤ ਤੋਂ ਘੱਟ ਸਮੇਂ ਵਿਚ ਇਸ ਨੂੰ ਫੜ ਲਿਆ ਅਤੇ ਹੁਣ ਇਸ ਮਾਮਲੇ ਵਿਚ ਕਾਰਵਾਈ ਚੱਲ ਰਹੀ ਹੈ। ਸੀਤਾਰਾਮਨ ਨੇ ਅੱਜ ਭਾਰਤੀ ਰਿਜ਼ਰਵ ਬੈੀਕ ਦੇ ਕੇਂਦਰੀ ਬੋਰਡ ਦੇ ਡਾਇਰੈਕਟਰਾਂ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਸ ਮਾਮਲੇ ਵਿਚ ਸਿਹਰਾ ਬੈਂਕਾਂ ਸਿਰ ਜਾਂਦਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀ ਧੋਖਾਧੜੀ ਨੂੰ ਫੜਨ ਲਈ ਔਸਤ ਤੋਂ ਘੱਟ ਸਮਾਂ ਲਿਆ। ਵਿੱਤ ਮੰਤਰੀ ਨੇ ਕਿਹਾ ਕਿ ਆਮ ਤੌਰ ’ਤੇ ਬੈਂਕ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਫੜਨ ਵਿਚ 52 ਤੋਂ 56 ਮਹੀਨੇ ਦਾ ਸਮਾਂ ਲੈਂਦੇ ਹਨ ਅਤੇ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਦੇ ਹਨ।’’
ਸੀਤਾਰਾਮਨ ਨੇ ਕਿਹਾ ਕਿ ਐੱਨਡੀਏ ਸਰਕਾਰ ਦੇ ਕਾਰਜਕਾਲ ਵਿਚ ਬੈਂਕਾਂ ਦੀ ਸਿਹਤ ਸੁਧਰੀ ਹੈ ਅਤੇ ਉਹ ਬਾਜ਼ਾਰ ’ਚੋਂ ਧਨ ਇਕੱਠਾ ਕਰਨ ਦੀ ਸਥਿਤੀ ਵਿਚ ਹੈ। ਇਸੇ ਦੌਰਾਨ ਕੇਂਦਰੀ ਵਿੱਤੀ ਮੰਤਰੀ ਨੇ ਕਿਹਾ ਕਿ ਡਿਜੀਟਲ ਮੁਦਰਾ ਬਾਰੇ ਭਾਰਤੀ ਰਿਜ਼ਰਵ ਬੈਂਕ ਨਾਲ ਗੱਲਬਾਤ ਜਾਰੀ ਹੈ ਅਤੇ ਇਸ ਬਾਰੇ ਕੋਈ ਫ਼ੈਸਲਾ ਵਿਚਾਰ-ਚਰਚਾ ਤੋਂ ਬਾਅਦ ਹੀ ਲਿਆ ਜਾਵੇਗਾ। ਉੱਧਰ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਦੇ ਮਹਿੰਗਾਈ ਸਬੰਧੀ ਅਨੁਮਾਨ ਕਾਫੀ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਅਕਤੂਬਰ 2021 ਤੋਂ ਮਹਿੰਗਾਈ ਦਾ ਰੁਖ਼ ਹੇਠਾਂ ਵੱਲ ਹੈ। -ਪੀਟੀਆਈ