ਨਵੀਂ ਦਿੱਲੀ, 26 ਸਤੰਬਰ
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਮੁਲਕ ’ਚ ਕਰੋਨਾਵਾਇਰਸ ਦੇ ਇਕ ਦਿਨ ’ਚ ਸਾਹਮਣੇ ਆਏ 85,362 ਕੇਸਾਂ ’ਚੋਂ 75 ਫ਼ੀਸਦੀ 10 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਮਿਲੇ ਹਨ। ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਕਰੋਨਾ ਦੇ ਸੱਤ ਕਰੋੜ ਟੈਸਟ ਹੋ ਚੁੱਕੇ ਹਨ ਅਤੇ ਰੋਜ਼ਾਨਾ 14 ਲੱਖ ਟੈਸਟ ਕੀਤੇ ਜਾ ਰਹੇ ਹਨ। ਜਿਨ੍ਹਾਂ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 75 ਫ਼ੀਸਦੀ ਨਵੇਂ ਕੇਸ ਦਰਜ ਹੋਏ ਹਨ ਊਨ੍ਹਾਂ ’ਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲਾ, ਤਾਮਿਲ ਨਾਡੂ, ਊੱਤਰ ਪ੍ਰਦੇਸ਼, ਊੜੀਸਾ, ਦਿੱਲੀ, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਸ਼ਾਮਲ ਹਨ। ਪਿਛਲੇ 24 ਘੰਟਿਆਂ ’ਚ ਕਰੋਨਾ ਨਾਲ 1089 ਮੌਤਾਂ ਹੋਈਆਂ ਹਨ ਅਤੇ ਇਨ੍ਹਾਂ ’ਚੋਂ 83 ਫ਼ੀਸਦੀ ਮੌਤਾਂ ਮਹਾਰਾਸ਼ਟਰ, ਪੰਜਾਬ, ਊੱਤਰ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ ਅਤੇ ਛੱਤੀਸਗੜ੍ਹ ’ਚ ਹੋਈਆਂ ਹਨ। ਕੇਂਦਰ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ’ਚ ਕੁੱਲ 7,02,69,975 ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ 13,41,535 ਟੈਸਟ ਸ਼ੁੱਕਰਵਾਰ ਨੂੰ ਕੀਤੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਵੱਡੇ ਪੱਧਰ ’ਤੇ ਟੈਸਟਿੰਗ ਕਾਰਨ ਕਰੋਨਾ ਪਾਜ਼ੇਟਿਵ ਕੇਸਾਂ ਦੀ ਛੇਤੀ ਪਛਾਣ ਹੋ ਰਹੀ ਹੈ। ਦੇਸ਼ ’ਚ ਸ਼ਨਿਚਰਵਾਰ ਨੂੰ ਕਰੋਨਾ ਪੀੜਤਾਂ ਦੀ ਗਿਣਤੀ 59 ਲੱਖ ਤੋਂ ਪਾਰ ਹੋ ਗਈ ਜਦਕਿ ਪਿਛਲੇ 24 ਘੰਟਿਆਂ ’ਚ 1089 ਵਿਅਕਤੀਆਂ ਦੇ ਦਮ ਤੋੜਨ ਨਾਲ ਮੌਤਾਂ ਦਾ ਕੁੱਲ ਅੰਕੜਾ 93,379 ’ਤੇ ਪਹੁੰਚ ਗਿਆ ਹੈ। -ਪੀਟੀਆਈ