ਨਵੀਂ ਦਿੱਲੀ, 5 ਮਈ
ਦਿੱਲੀ ਹਾਈ ਕੋਰਟ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਮਾਮਲੇ ’ਚ ਆਪਣੀ ਭੂਮਿਕਾ ਲਈ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਗੈਂਗਸਟਰ ਅਬੂ ਸਲੇਮ ਨੂੰ ਅੱਜ ਆਪਣੀ ਉਹ ਪਟੀਸ਼ਨ ਵਾਪਸ ਲੈਣ ਦੀ ਆਗਿਆ ਦੇ ਦਿੱਤੀ ਹੈ, ਜਿਸ ਵਿੱਚ ਉਸ ਨੇ ਭਾਰਤ ਵਿੱਚ ਆਪਣੀ ਹਿਰਾਸਤ ਨੂੰ ਗ਼ੈਰਕਾਨੂੰਨੀ ਕਰਾਰ ਦੇਣ ਦੀ ਅਪੀਲ ਕੀਤੀ ਸੀ। ਜਸਟਿਸ ਸਿਧਾਰਥ ਮ੍ਰਿਦੁਲ ਦੀ ਅਗਵਾਈ ਵਾਲੇ ਬੈਂਚ ਨੇ ਹੁਕਮ ਦਿੱਤਾ ਕਿ ਅਬੂ ਸਲੇਮ ਦੀ ਖ਼ੁਦ ਨੂੰ ਪੁਰਤਗਾਲ ਹਵਾਲੇ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਸਲੇਮ ਦੇ ਵਕੀਲ ਨੇ ਕਿਹਾ ਕਿ ਇਹ ਮਾਮਲਾ ਹਾਲੇ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ, ਇਸ ਕਰਕੇ ਹਾਈ ਕੋਰਟ ’ਚੋਂ ਪਟੀਸ਼ਨ ਵਾਪਸ ਲੈਣ ਦੀ ਆਗਿਆ ਦਿੱਤੀ ਜਾਵੇ। ਬੈਂਚ ਨੇ ਕਿਹਾ, ‘‘ਪਟੀਸ਼ਨਕਰਤਾ ਵੱਲੋਂ ਪੇਸ਼ ਵਕੀਲ ਨੇ ਕੁਝ ਘਟਨਾਵਾਂ ਕਰਕੇ ਰਿੱਟ ਪਟੀਸ਼ਨ ਵਾਪਸ ਲੈਣ ਦੀ ਆਗਿਆ ਮੰਗੀ ਹੈ, ਜੋ ਦਿੱਤੀ ਜਾਂਦੀ ਹੈ।’’ ਦੱਸਣਯੋਗ ਹੈ ਕਿ ਲੰਮੀ ਕਾਨੂੰਨੀ ਲੜਾਈ ਮਗਰੋਂ ਅਬੂ ਸਲੇਮ ਨੂੰ 11 ਨਵੰਬਰ 2005 ਨੂੰ ਭਾਰਤ ਲਿਆਂਦਾ ਗਿਆ ਸੀ। -ਪੀਟੀਆਈ