ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਪਰੈਲ
ਇਥੋਂ ਦੇ ਬੁਰਾੜੀ ਮੈਦਾਨ ਵਿੱਚ ਅੱਜ ਹੋਈ ਹਿੰਦੂ ਮਹਾਪੰਚਾਇਤ ਦੌਰਾਨ ਭੀੜ ਨੇ ਸੱਤ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ। ਪੰਜ ਪੱਤਰਕਾਰਾਂ ਨੂੰ ਪੁਲੀਸ ਨੇ ਭੀੜ ਤੋਂ ਬਚਾਇਆ। ਪੁਲੀਸ ਵੱਲੋਂ ਭਜਾਏ ਗਏ ਪੰਜ ਪੱਤਰਕਾਰਾਂ ਵਿੱਚੋਂ ਚਾਰ ਮੁਸਲਮਾਨ ਸਨ ਅਤੇ ਉਨ੍ਹਾਂ ਦੀ ਧਾਰਮਿਕ ਪਛਾਣ ਪੁੱਛਣ ’ਤੇ ਮਹਾਪੰਚਾਇਤ ਦੌਰਾਨ ਕਥਿਤ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ। ਹਿੰਦੁਸਤਾਨ ਗਜ਼ਟ ਦੇ ਮੀਰ ਫੈਸਲ, ਫੋਟੋ ਜਰਨਲਿਸਟ ਮੁਹੰਮਦ ਮੇਹਰਬਾਨ, ਅਤੇ ਨਿਊਜ਼ ਲਾਂਡਰੀ ਦੇ ਪੱਤਰਕਾਰਾਂ ਸ਼ਿਵਾਂਗੀ ਸਕਸੈਨਾ ਅਤੇ ਰੌਣਕ ਭੱਟ ’ਤੇ ਹਿੰਦੂ ਮਹਾਪੰਚਾਇਤ ਦੌਰਾਨ ਹਮਲਾ ਕੀਤਾ ਗਿਆ। ਆਰਟੀਕਲ 14 ਲਈ ਸਮਾਗਮ ਦੀ ਕਵਰੇਜ ਕਰ ਰਹੇ ਅਰਬਾਬ ਅਲੀ, ਦਿ ਕੁਇੰਟ ਦੇ ਰਿਪੋਰਟਰ ਮੇਘਨਾਦ ਬੋਸ ਅਤੇ ਇੱਕ ਹੋਰ ਪੱਤਰਕਾਰ ਜੋ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ ਸੀ, ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੀ ਗਈ। ਅਲੀ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਉਨ੍ਹਾਂ ’ਤੇ ਹਮਲਾ ਹੋਇਆ ਤਾਂ ਉਹ ਅਤੇ ਫੈਸਲ ਸਮਾਗਮ ਵਿੱਚ ਲੋਕਾਂ ਦੀ ਇੰਟਰਵਿਊ ਕਰ ਰਹੇ ਸਨ। ਉਸ ਨੇ ਦੱਸਿਆ ਕਿ ਯਤੀ ਨਰਸਿੰਘਨੰਦ ਅਤੇ ਸੁਰੇਸ਼ ਚਵਹਾਨਕੇ, ਜਿਨ੍ਹਾਂ ਪਹਿਲਾਂ ਵੀ ਮੁਸਲਮਾਨਾਂ ਵਿਰੁੱਧ ਨਫ਼ਰਤ ਭਰੇ ਭਾਸ਼ਣ ਦਿੱਤੇ ਹਨ, ਸਮਾਗਮ ’ਚ ਹਾਜ਼ਰ ਸਨ। ਅਲੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਜਿਹੜੇ ਲੋਕ ਐਤਵਾਰ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ, ਉਹ ਵੀ ਫਿਰਕੂ ਭਾਸ਼ਣ ਦੇ ਰਹੇ ਸਨ।
ਅਲੀ ਨੇ ਇੱਕ ਟਵੀਟ ਵਿੱਚ ਕਿਹਾ, “ਅਚਾਨਕ, ਸੱਜੇ-ਪੱਖੀਆਂ ਦਾ ਇੱਕ ਸਮੂਹ ਸਾਡੇ ਕੋਲ ਆਇਆ ਅਤੇ ਸਾਡੇ ਕੈਮਰੇ ਅਤੇ ਫ਼ੋਨ ਖੋਹ ਲਏ। ਸਾਡੇ ਤੋਂ ਨਾਮ ਪੁੱਛੇ ਗਏ। ਜਦੋਂ ਮੈਂ ਅਤੇ ਮੀਰ ਨੇ ਆਪਣਾ ਨਾਂ ਦੱਸਿਆ ਤਾਂ ਉਨ੍ਹਾਂ ਸਾਨੂੰ ਜਹਾਦੀ ਕਿਹਾ।’’ ਅਲੀ ਨੇ ਦੋਸ਼ ਲਾਇਆ ਕਿ ਫੈਸਲ ਅਤੇ ਉਸ ਨੂੰ ਵੱਖ-ਵੱਖ ਬੈਠਣ ਲਈ ਕਿਹਾ ਗਿਆ ਅਤੇ ਉਨ੍ਹਾਂ ਸ਼ੂਟ ਕੀਤੇ ਗਏ ਵੀਡੀਓ ਡਿਲੀਟ ਕਰ ਦਿੱਤੇ।