ਅਹਿਮਦਾਬਾਦ, 21 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੇ ਜੁਲਾਈ ਤੇ ਅਗਸਤ ’ਚ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ਵਧਾਉਣ ਦਾ ਫ਼ੈਸਲਾ ਲਿਆ ਹੈ। ਇਸੇ ਦੌਰਾਨ ਉਨ੍ਹਾਂ ਸ਼ਹਿਰ ’ਚ ਤਿੰਨ ਪੁਲਾਂ ਅਤੇ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ’ਚ ਖੇਤੀ ਉਤਪਾਦਨ ਮਾਰਕੀਟ ਕਮੇਟੀ (ਏਪੀਐੱਮਸੀ) ਦੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਵੀ ਕੀਤਾ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਉਨ੍ਹਾਂ ਇੱਕ ਜਨਤਕ ਰੈਲੀ ਰੱਦ ਕਰ ਦਿੱਤੀ।
ਇਸ ਤੋਂ ਪਹਿਲਾਂ ਅਹਿਮਦਾਬਾਦ ’ਚ ਇੱਕ ਟੀਕਾਕਰਨ ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਰੋਨਾ ਰੋਕੂ ਟੀਕੇ ਮੁਫ਼ਤ ’ਚ ਮੁਹੱਈਆ ਕਰਵਾਉਣ ਦੇ ਫ਼ੈਸਲੇ ਦੇ ਨਾਲ ਹੀ ‘ਅਸੀਂ ਤਕਰੀਬਨ ਸਾਰਿਆਂ ਨੂੰ ਟੀਕਾ ਲਾਉਣ ਦਾ ਟੀਚਾ ਤੇਜ਼ੀ ਨਾਲ ਹਾਸਲ ਕਰਾਂਗੇ।’ ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨੇ ਜੁਲਾਈ ਤੇ ਅਗਸਤ ’ਚ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ਵਧਾਉਣ ਦਾ ਫ਼ੈਸਲਾ ਕੀਤਾ ਹੈ।’ ਸ਼ਾਹ ਨੇ ਅੱਜ ਕਿਹਾ ਸਵੇਰੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੋਵਿਡ-19 ਖ਼ਿਲਾਫ਼ ਲੜਾਈ ’ਚ ਇੱਕ ਅਹਿਮ ਸਫ਼ਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਆਬਾਦੀ ਵਾਲੇ ਮੁਲਕ ’ਚ ਮੁਫ਼ਤ ਟੀਕਾਕਰਨ ਦਾ ਫ਼ੈਸਲਾ ਇੱਕ ਵੱਡਾ ਫ਼ੈਸਲਾ ਹੈ। ਸ਼ਾਹ ਨੇ ਕਿਹਾ ਕਿ ਅੱਜ ਕੌਮਾਂਤਰੀ ਯੋਗ ਦਿਵਸ ਮੌਕੇ ਦੇਸ਼ ’ਚ ਸਾਰਿਆਂ ਲਈ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਟੀਕਾਕਰਨ ਪ੍ਰੋਗਰਾਮ ’ਚ ਭਾਰਤ ਪਹਿਲਾਂ ਤੋਂ ਹੀ ਸਭ ਤੋਂ ਅੱਗੇ ਹੈ। ਇਸੇ ਦੌਰਾਨ ਉਨ੍ਹਾਂ ਅਹਿਮਦਾਬਾਦ ’ਚ ਵੈਸ਼ਨੋ ਦੇਵੀ ਫਲਾਈਓਵਰ, ਖੋਡਿਆਰ ਕੰਟੇਨਰ ਡਿਪੋ ਫਲਾਈਓਵਰ ਅਤੇ ਨਵੇਂ ਬਣੇ ਰੇਲਵੇ ਓਵਰਬ੍ਰਿੱਜ ਦਾ ਉਦਘਾਟਨ ਕੀਤਾ। ਉਨ੍ਹਾਂ ਟਵੀਟ ਕੀਤਾ, ‘ਵੈਸ਼ਨੋ ਦੇਵੀ, ਖੋਡਿਆਰ ਕੰਟੇਨਰ ਡਿਪੋ ਫਲਾੲਓਵਰ ਤੇ ਪਾਂਸੇਰ ਰੇਲਵੇ ਓਵਰਬ੍ਰਿੱਜ ਨਾਲ ਲੋਕਾਂ ਦੀ ਯਾਤਰਾ ਸੁਖਾਲੀ ਹੋਵੇਗੀ।’ ਇਸ ਮਗਰੋਂ ਉਨ੍ਹਾਂ ਕਲੋਲ ’ਚ ਏਪੀਐੱਮਸੀ ਦੇ ਦਫ਼ਤਰ ਦਾ ਵੀ ਉਦਘਾਟਨ ਕੀਤਾ। ਇਸੇ ਦੌਰਾਨ ਗ੍ਰਹਿ ਮੰਤਰੀ ਨੇ ਗਾਂਧੀਨਗਰ ਦੇ ਸਰਕਟ ਹਾਊਸ ’ਚ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ, ਉੱਪ ਮੁੱਖ ਮੰਤਰੀ ਨਿਤਿਨ ਪਟੇਲ, ਮਾਲ ਮੰਤਰੀ ਕੌਸ਼ਿਕ ਪਟੇਲ ਤੇ ਸਥਾਨਕ ਵਿਧਾਇਕ ਭੁਪੇਂਦਰ ਪਟੇਲ ਨਾਲ ਮੁਲਾਕਾਤ ਕਰਕੇ ਗਾਂਧੀਨਗਰ ਲੋਕ ਸਭਾ ਹਲਕੇ ਵਿਚਲੀਆਂ 122 ਹਾਊਸਿੰਗ ਕਲੋਨੀਆਂ ਦੇ ਮੁੜ ਵਿਕਾਸ ਬਾਰੇ ਚਰਚਾ ਕੀਤੀ। -ਪੀਟੀਆਈ