ਨਵੀਂ ਦਿੱਲੀ, 10 ਜੁਲਾਈ
ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਅੱਜ ਕਿਹਾ ਕਿ ‘ਅਗਨੀਪਥ’ ਯੋਜਨਾ ਸਭ ਤੋਂ ਵਧੀਆ ਕਿਰਤ ਸ਼ਕਤੀ ਦੇ ਨਾਲ-ਨਾਲ ਇਕ ‘ਛੋਟੇ ਤੇ ਘਾਤਕ’ ਬਲ ਦੇ ਭਾਰਤੀ ਹਵਾਈ ਸੈਨਾ ਦੇ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੀਂ ਭਰਤੀ ਪ੍ਰਣਾਲੀ ਹਵਾਈ ਸੈਨਾ ਦੀ ਸਮਰੱਥਾ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਕਰੇਗੀ। ਹਵਾਈ ਫ਼ੌਜ ਮੁਖੀ ਨੇ ਦੱਸਿਆ ਕਿ ਚਾਰ ਸਾਲ ਦੀ ਨਿਯੁਕਤੀ ਵਿਚ 13 ਟੀਮਾਂ ‘ਅਗਨੀਵੀਰਾਂ’ ਦੀ ਨਾਮਜ਼ਦਗੀ, ਰੁਜ਼ਗਾਰ, ਮੁਲਾਂਕਣ ਤੇ ਸਿਖਲਾਈ ਦਾ ਜ਼ਿੰਮਾ ਸੰਭਾਲਣਗੀਆਂ। ਉਨ੍ਹਾਂ ਕਿਹਾ ਕਿ ਯੋਜਨਾ ਦੇ ਲਾਗੂ ਹੋਣ ਨਾਲ ਪੈਨਸ਼ਨ ਤੇ ਹੋਰ ਖ਼ਰਚਿਆਂ ਵਿਚ ਹੋਣ ਵਾਲੀ ਕੋਈ ਵੀ ਕਮੀ ਮਹਿਜ਼ ਇਤਫਾਕ ਹੈ ਤੇ ਇਸ ਨੂੰ ਸੁਧਾਰ ਲਾਗੂ ਕਰਨ ਦੀ ਵਜ੍ਹਾ ਨਹੀਂ ਮੰਨਣਾ ਚਾਹੀਦਾ। ਏਅਰ ਚੀਫ ਮਾਰਸ਼ਲ ਚੌਧਰੀ ਨੇ ਕਿਹਾ ਕਿ ‘ਅਗਨੀਪਥ ਸਕੀਮ ਭਾਰਤੀ ਹਵਾਈ ਸੈਨਾ ਦੀ ਕਿਰਤ ਸ਼ਕਤੀ ਦੀ ਵੱਧ ਤੋਂ ਵੱਧ ਵਰਤੋਂ ਦੀ ਮੁਹਿੰਮ ਨੂੰ ਅੱਗੇ ਵਧਾਉਂਦੀ ਹੈ, ਜੋ ਇਕ ਦਹਾਕੇ ਤੋਂ ਚੱਲ ਰਹੀ ਹੈ ਤੇ ਇਸ ਤਹਿਤ ਕਈ ਮਨੁੱਖੀ ਸਰੋਤ ਨੀਤੀਆਂ ਤੇ ਸੰਗਠਨਾਤਮਕ ਢਾਂਚਿਆਂ ਦੀ ਸਮੀਖਿਆ ਕੀਤੀ ਗਈ ਹੈ।’ ਜ਼ਿਕਰਯੋਗ ਹੈ ਕਿ ਨਵੀਂ ਭਰਤੀ ਯੋਜਨਾ ਤਹਿਤ ਭਾਰਤੀ ਹਵਾਈ ਸੈਨਾ ਨੇ ਲਗਭਗ 3000 ਅਸਾਮੀਆਂ ਲਈ ਤਕਰੀਬਨ 7,50,000 ਅਰਜ਼ੀਆਂ ਦਾ ਰਜਿਸਟਰੇਸ਼ਨ ਕਰਾਇਆ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ, ‘ਅਸੀਂ ਮੰਨਦੇ ਹਾਂ ਕਿ ਜ਼ਰੂਰਤ ਦੇ ਸਮੇਂ ਕਿਸੇ ਵੀ ਬਲ ਵਿਚ ਸ਼ਾਮਲ ਪੁਰਸ਼ ਤੇ ਮਹਿਲਾਵਾਂ ਉਸ ਦੀ ਤਾਕਤ ਨੂੰ ਸਾਬਿਤ ਕਰਦੇ ਹਨ।’ ਦੱਸਣਯੋਗ ਹੈ ਕਿ ਅਗਨੀਪਥ ਯੋਜਨਾ ਦਾ ਦੇਸ਼ ਵਿਚ ਕਾਫ਼ੀ ਵਿਰੋਧ ਹੋ ਰਿਹਾ ਹੈ। ਚੌਧਰੀ ਨੇ ਕਿਹਾ ਕਿ ਲਗਾਤਾਰ ਬਦਲਦੀ ਤੇ ਵਿਕਸਿਤ ਹੁੰਦੀ ਤਕਨੀਕ ਦੇ ਮੱਦੇਨਜ਼ਰ ਇਕ ਹਵਾਈ ਸੈਨਾ ਕਰਮੀ ਤੋਂ ਜਿਸ ਬੁਨਿਆਦੀ ਮੁਹਾਰਤ ਦੀ ਆਸ ਰੱਖੀ ਜਾਂਦੀ ਹੈ, ਉਸ ਵਿਚ ਵੀ ਗੁਣਾਤਮਕ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੁਣ ਤਕਨੀਕ ਦੇ ਮਾਮਲੇ ਵਿਚ ਕਾਫ਼ੀ ਤੇਜ਼ ਹਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਵਿਚ ਮਨੁੱਖੀ ਸਰੋਤਾਂ ’ਚ ਬਦਲਾਅ ਦੀ ਲੋੜ ਉਤੇ ਵਿਆਪਕ ਸਲਾਹ-ਮਸ਼ਵਰਾ ਕੀਤਾ ਗਿਆ ਹੈ ਤੇ ਕਾਰਗਿਲ ਸਮੀਖਿਆ ਕਮੇਟੀ ਦੀਆਂ ਸਿਫ਼ਾਰਿਸ਼ਾਂ ਉਤੇ ਹੌਲੀ-ਹੌਲੀ ਧਿਆਨ ਕੇਂਦਰਤ ਕਰਨ ਲਈ ਜ਼ਰੂਰੀ ਕਦਮ ਉਠਾਏ ਗਏ ਹਨ। -ਪੀਟੀਆਈ