ਨਵੀਂ ਦਿੱਲੀ, 9 ਸਤੰਬਰ
ਦਿ ਹਿਊਮਨ ਰਾਈਟਸ ਵਾਚ ਨਾਂ ਦੀ ਸੰਸਥਾ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਲੜਾਕੇ ਪੱਤਰਕਾਰਾਂ ਨੂੰ ਬੰਦੀ ਬਣਾ ਰਹੇ ਹਨ ਤੇ ਹਮਲੇ ਕਰ ਰਹੇ ਹਨ ਅਤੇ ਮੀਡੀਆ ਦੇ ਕੰਮਕਾਜ ’ਤੇ ਨਵੀਆਂ ਪਾਬੰਦੀਆਂ ਲਗਾ ਰਹੇ ਹਨ। ਇਸ ਵਾਸਤੇ ਤਾਲਿਬਾਨੀ ਲੜਾਕਿਆਂ ਨੂੰ ਹਮਲੇ ਕਰਨ ਤੋਂ ਰੋਕਣ, ਪਾਬੰਦੀਆਂ ਹਟਾਉਣ ਅਤੇ ਪ੍ਰਦਰਸ਼ਨਕਾਰੀਆਂ ਤੇ ਪੱਤਰਕਾਰਾਂ ਨਾਲ ਕੀਤੇ ਜਾਂਦੇ ਮਾੜੇ ਵਿਵਹਾਰ ਲਈ ਤਾਲਿਬਾਨੀ ਸੁਰੱਖਿਆ ਬਲਾਂ ਦੀ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਵਧ ਰਹੀ ਹੈ।
7 ਸਤੰਬਰ ਨੂੰ ਤਾਲਿਬਾਨੀ ਸੁਰੱਖਿਆ ਬਲਾਂ ਵੱਲੋਂ ਤਾਕੀ ਦਰਿਆਬੀ ਤੇ ਨੇਮਤ ਨਕਦੀ ਨਾਂ ਦੇ ਦੋ ਪੱਤਰਕਾਰਾਂ ਨੂੰ ਬੰਦੀ ਬਣਾ ਲਿਆ ਗਿਆ। ਕਾਬੁਲ ਦੇ ਮੀਡੀਆ ਅਦਾਰੇ ਐਤਿਲਾਤ-ਏ-ਰੋਜ਼ ਨਾਲ ਸਬੰਧਤ ਇਹ ਪੱਤਰਕਾਰ ਕਾਬੁਲ ਵਿਚ ਔਰਤਾਂ ਦੇ ਇਕ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਸਨ। ਐਤਿਲਾਤ-ਏ-ਰੋਜ਼ ਦੀ ਖ਼ਬਰ ਅਨੁਸਾਰ ਤਾਲਿਬਾਨੀ, ਦੋ ਵਿਅਕਤੀਆਂ ਨੂੰ ਪੁਲੀਸ ਥਾਣੇ ਲੈ ਗਈ ਅਤੇ ਉਨ੍ਹਾਂ ਦੀ ਤਾਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੋਹਾਂ ਨੂੰ ਅਗਲੇ ਦਿਨ ਛੱਡਿਆ ਗਿਆ।
ਹਿਊਮਨ ਰਾਈਟਸ ਵਾਚ ਦੀ ਐਸੋਸੀਏਟ ਏਸ਼ੀਆ ਡਾਇਰੈਕਟਰ ਪੈਟਰੀਸ਼ੀਆ ਗੌਸਮੈਨ ਨੇ ਕਿਹਾ, ‘‘ਤਾਲਿਬਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਹ ਇਸਲਾਮ ਦੀਆਂ ਕਦਰਾਂ-ਕੀਮਤਾਂ ਦੀ ਇੱਜ਼ਤ ਕਰਦੇ ਹਨ, ਇਸ ਵਾਸਤੇ ਉਹ ਮੀਡੀਆ ਨੂੰ ਕੰਮ ਕਰਨ ਦੇ ਰਹੇ ਹਨ ਪਰ ਹੁਣ ਉਨ੍ਹਾਂ ਵੱਲੋਂ ਪੱਤਰਕਾਰਾਂ ਨੂੰ ਪ੍ਰਦਰਸ਼ਨਾਂ ਦੀ ਰਿਪੋਰਟਿੰਗ ਕਰਨ ਤੋਂ ਰੋਕਿਆ ਜਾ ਰਿਹਾ ਹੈ।’’ ਉਨ੍ਹਾਂ ਮੰਗ ਕੀਤੀ ਕਿ ਤਾਲਿਬਾਨ ਇਹ ਯਕੀਨੀ ਬਣਾਏ ਕਿ ਸਾਰੇ ਪੱਤਰਕਾਰ ਬਿਨਾ ਕਿਸੇ ਡਰ ਤੋਂ ਆਪਣਾ ਕੰਮ ਕਰ ਸਕਣ। -ਆਈਏਐੱਨਐੱਸ