ਕੋਲਕਾਤਾ: ਕੋਲਕਾਤਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਅੱਜ ਇੱਥੇ ਐਮਹਰਸਟ ਸਟਰੀਟ ਖੇਤਰ ਤੋਂ ਇੱਕ ਵਿਅਕਤੀ ਨੂੰ ਹਥਿਆਰਾਂ, ਅਸਲੇ ਅਤੇ ਜਾਅਲੀ ਭਾਰਤੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐੱਸਟੀਐੱਫ ਅਧਿਕਾਰੀਆਂ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਨੂੰ ਐਮਹਰਸਟ ਸਟਰੀਟ ਖੇਤਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਕਬਜ਼ੇ ‘ਚੋਂ ਤਿੰਨ ਸੈਮੀ-ਆਟੋਮੈਟਿਕ ਪਿਸਤੌਲ, ਇੱਕ ਦੇਸੀ ਪਿਸਤੌਲ, 100 ਕਾਰਤੂਸ ਅਤੇ 16,000 ਰੁਪਏ ਦੀ ਕੀਮਤ ਵਾਲੀ ਐੱਫਆਈਸੀਐੱਨ ਬਰਾਮਦ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ, ”ਸਾਨੂੰ ਸੂਹ ਮਿਲੀ ਸੀ ਕਿ ਇੱਕ ਵਿਅਕਤੀ ਜਾਅਲੀ ਕਰੰਸੀ ਨਾਲ ਹਥਿਆਰਾਂ ਅਤੇ ਅਸਲੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਬੀਤੀ ਰਾਤ ਉਥੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਸੀ ਅਤੇ ਅੱਜ ਸਵੇਰੇ 10:55 ਵਜੇ ਦੇ ਕਰੀਬ ਉਸ ਨੂੰ ਗ੍ਰਿਫ਼ਤਾਰ ਕਰ ਲਿਆ।” -ਪੀਟੀਆਈ