ਪਣਜੀ, 26 ਅਗਸਤ
ਮੁੱਖ ਅੰਸ਼
- ਕਈ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਪੁਲੀਸ
ਪੁਲੀਸ ਮੁਤਾਬਕ ਭਾਜਪਾ ਆਗੂ ਸੋਨਾਲੀ ਫੋਗਾਟ ਨੂੰ ਡਰਿੰਕ ਵਿਚ ਕੋਈ ‘ਨਸ਼ੀਲਾ ਪਦਾਰਥ’ ਘੋਲ ਕੇ ਪਿਲਾਇਆ ਗਿਆ ਸੀ ਜਿਸ ਨਾਲ ਉਸ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਉੱਤਰੀ ਗੋਆ ਦੇ ਇਕ ਰੈਸਤਰਾਂ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੱਤਿਆ ਦਾ ਕਾਰਨ ‘ਆਰਥਿਕ ਹਿੱਤ’ ਹੋ ਸਕਦੇ ਹਨ। ਫੋਗਾਟ ਹੱਤਿਆ ਕੇਸ ਵਿਚ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ, ਤੇ ਇਹ ਦੋਵੇਂ ਸੋਨਾਲੀ ਦੇ ਸਹਾਇਕ ਸਨ। ਉਹ ਦੋਵੇਂ ਭਾਜਪਾ ਆਗੂ ਦੇ ਨਾਲ ਹੀ 22 ਅਗਸਤ ਨੂੰ ਗੋਆ ਆਏ ਸਨ।
ਆਈਜੀ ਓਮਵੀਰ ਸਿੰਘ ਬਿਸ਼ਨੋਈ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਫੋਗਾਟ ਨੂੰ ਡਰਿੰਕ ’ਚ ‘ਕੋਈ ਕੈਮੀਕਲ’ ਮਿਲਾ ਕੇ ਪਿਲਾਉਂਦੇ ਦੇਖੇ ਗਏ ਹਨ ਜੋ ਕਿ ਫੋਗਾਟ ਨੂੰ ਦੋ ਵਾਰ ਪਿਲਾਇਆ ਗਿਆ। ਇਹ ਘਟਨਾ ਗੋਆ ਦੇ ਅੰਜੁਨਾ ਬੀਚ ’ਤੇ ਕਰਲੀਜ਼ ਰੈਸਟੋਰੈਂਟ ਵਿਚ 22 ਤੇ 23 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਸਾਂਗਵਾਨ ਤੇ ਸੁਖਵਿੰਦਰ ਨੇ ਪੁਲੀਸ ਕੋਲ ਇਹ ਮੰਨ ਲਿਆ ਹੈ ਕਿ ਉਨ੍ਹਾਂ ਡਰਿੰਕ ਵਿਚ ਕੈਮੀਕਲ ਮਿਲਾਇਆ ਸੀ। ਪੁਲੀਸ ਮੁਤਾਬਕ ਦੋਵੇਂ 23 ਅਗਸਤ ਨੂੰ ਸੁਵੱਖਤੇ ਕਰੀਬ 4.30 ਵਜੇ ਫੋਗਾਟ ਨੂੰ ਰੈਸਤਰਾਂ ਦੇ ਵਾਸ਼ਰੂਮ ਵਿਚ ਲਿਜਾਂਦੇ ਵੀ ਨਜ਼ਰ ਆਏ ਸਨ। ਉਹ ਕਰੀਬ ਦੋ ਘੰਟੇ ਵਾਸ਼ਰੂਮ ਵਿਚ ਹੀ ਰਹੇ। ਬਿਸ਼ਨੋਈ ਨੇ ਕਿਹਾ ਕਿ ਇਹ ਪੁੱਛ-ਪੜਤਾਲ ਵਿਚ ਸਾਹਮਣੇ ਆਵੇਗਾ ਕਿ ਉਨ੍ਹਾਂ ਦੋ ਘੰਟਿਆਂ ਦੌਰਾਨ ਕੀ ਹੋਇਆ। ਪਾਰਟੀ ਵਿਚ ਮੁਲਜ਼ਮਾਂ ਦੇ ਨਾਲ ਦੋ ਹੋਰ ਔਰਤਾਂ ਵੀ ਸਨ ਤੇ ਉਨ੍ਹਾਂ ਕੇਕ ਵੀ ਕੱਟਿਆ। ਉਨ੍ਹਾਂ ਦੋਵਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫੋਗਾਟ ਦੇ ਸਰੀਰ ’ਤੇ ‘ਕਈ ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲਣ ’ਤੇ ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਮੁਤਾਬਕ ਇਹ ਉਦੋਂ ਰਗੜ ਖਾਣ ਕਾਰਨ ਆਈਆਂ ਹੋ ਸਕਦੀਆਂ ਹਨ ਜਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲੀਸ ਉਨ੍ਹਾਂ ਟੈਕਸੀ ਡਰਾਈਵਰਾਂ ਦੇ ਬਿਆਨ ਵੀ ਦਰਜ ਕਰੇਗੀ ਜੋ ਸੋਨਾਲੀ ਨੂੰ ਰੈਸਤਰਾਂ ਤੋਂ ਉਸ ਹੋਟਲ ਲੈ ਕੇ ਗਏ ਜਿੱਥੇ ਉਹ ਠਹਿਰੀ ਹੋਈ ਸੀ ਤੇ ਮਗਰੋਂ ਹਸਪਤਾਲ ਵੀ ਲੈ ਕੇ ਗਏ। ਪੁਲੀਸ ਮੁਤਾਬਕ ਕੁਝ ਹੋਰ ਲੋਕਾਂ ਨੇ ਵੀ ਮੁੰਬਈ ਤੋਂ ਫੋਗਾਟ ਕੋਲ ਪਹੁੰਚਣਾ ਸੀ। -ਪੀਟੀਆਈ
ਹਿਸਾਰ ਵਿੱਚ ਫੋਗਾਟ ਦਾ ਅੰਤਿਮ ਸੰਸਕਾਰ
ਹਿਸਾਰ: ਭਾਜਪਾ ਆਗੂ ਸੋਨਾਲੀ ਫੋਗਾਟ ਦਾ ਅੱਜ ਇੱਥੇ ਰਿਸ਼ੀ ਨਗਰ ’ਚ ਸਸਕਾਰ ਕਰ ਦਿੱਤਾ ਗਿਆ। ਫੋਗਾਟ ਦੀ ਧੀ ਯਸ਼ੋਧਰਾ ਨੇ ਚਿਖ਼ਾ ਨੂੰ ਅਗਨੀ ਦਿੱਤੀ। ਇਸ ਤੋਂ ਪਹਿਲਾਂ ਸੋਨਾਲੀ ਦੀ ਦੇਹ ਉਸਦੇ ਜੀਜਾ ਅਮਨ ਤੇ ਭਰਾ ਰਿੰਕੂ ਢਾਕਾ ਿਪੰਡ ਢੁੰਢਰ ਫਾਰਮ ’ਤੇ ਲੈ ਕੇ ਆਏ। ਅਮਨ ਨੇ ਦੱਸਿਆ ਕਿ ਗੋਆ ਦੇ ਮੈਡੀਕਲ ਕਾਲਜ ’ਚ ਸੋਨਾਲੀ ਦਾ ਪੋਸਟਮਾਰਟਮ ਹੋਇਆ ਹੈ ਤੇ ਉਨ੍ਹਾਂ ਕਤਲ ਿਪੱਛੇ ਸਿਆਸੀ ਸਾਜ਼ਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਸਸਕਾਰ ਮੌਕੇ ਭਾਜਪਾ ਵਿਧਾਇਕ ਕਮਲ ਗੁਪਤਾ ਤੇ ਕੁਲਦੀਪ ਬਿਸ਼ਨੋਈ ਹਾਜ਼ਰ ਸਨ।