ਚੇਨੱਈ, 1 ਅਕਤੂਬਰ
ਭਾਰਤੀ ਹਵਾਈ ਸੈਨਾ ਦਾ ਇਕ 29 ਸਾਲਾ ਫਲਾਈਟ ਲੈਫ਼ਟੀਨੈਂਟ ਜਿਸ ਉੱਤੇ ਕੋਇੰਬਟੂਰ ਦੇ ਰੈੱਡ ਫੀਲਡਜ਼ ’ਚ ਭਾਰਤੀ ਹਵਾਈ ਸੈਨਾ ਦੇ ਪ੍ਰਸ਼ਾਸਕੀ ਕਾਲਜ ਵਿਚ ਨਾਲ ਕੰਮ ਕਰਦੀ ਇਕ ਅਧਿਕਾਰੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਲੱਗੇ ਹਨ, ਨੂੰ ਹਵਾਈ ਸੈਨਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਕੋਇੰਬਟੂਰ ਦੀ ਮਹਿਲਾ ਅਦਾਲਤ ਦੀ ਜੱਜ (ਇੰਚਾਰਜ) ਐੱਨ. ਥਿਲਾਗੇਸ਼ਵਰੀ ਨੇ ਵੀਰਵਾਰ ਨੂੰ ਪੁਲੀਸ ਨੂੰ ਹਦਾਇਤ ਕੀਤੀ ਸੀ ਕਿ ਇਹ ਕੇਸ ਭਾਰਤੀ ਹਵਾਈ ਸੈਨਾ ਨੂੰ ਸੌਂਪ ਦਿੱਤਾ ਜਾਵੇ। ਭਾਰਤੀ ਹਵਾਈ ਸੈਨਾ ਨੇ ਜ਼ਿਰ੍ਹਾ ਦੌਰਾਨ ਕਿਹਾ ਸੀ ਕਿ ਭਾਰਤੀ ਹਵਾਈ ਸੈਨਾ ਐਕਟ, 1950 ਦੇ ਪ੍ਰਬੰਧਾਂ ਤਹਿਤ ਕੋਰਟ ਮਾਰਸ਼ਲ ਸਬੰਧੀ ਕਾਰਵਾਈ ਲਈ ਕੇਸ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇ। ਮੁਲਜ਼ਮ ਦੇ ਵਕੀਲ ਐੱਨ ਸੁੰਦਰਾਵਦੀਵੈਲੂ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਸਿਰਫ਼ ਕੋਰਟ ਮਾਰਸ਼ਲ ਵੱਲੋਂ ਕੀਤੀ ਗਈ ਹੈ ਅਤੇ ਜੇਕਰ ਅਧਿਕਾਰੀ ਦੋਸ਼ੀ ਸਾਬਿਤ ਹੁੰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ।