ਨਵੀਂ ਦਿੱਲੀ, 23 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਐਮਵੇਅ ਇੰਡੀਆ ਕੰਪਨੀ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਸਵਾਗਤ ਕਰਦਿਆਂ ਸਵਦੇਸ਼ੀ ਜਾਗਰਣ ਮੰਚ (ਐੱਸਜੇਐੱਮ) ਨੇ ਕੇਂਦਰੀ ਜਾਂਚ ਏਜੰਸੀ ਨੂੰ ਇਹੋ-ਜਿਹੀਆਂ ਬਾਕੀ ਕੰਪਨੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ‘ਚੰਗੀ ਕਮਾਈ’ ਦਾ ਲਾਲਚ ਦਿਖਾ ਕੇ ‘ਲੁੱਟ’ ਰਹੀਆਂ ਹਨ। ਆਰਐੱਸਐੱਸ ਨਾਲ ਜੁੜੀ ਇਸ ਸੰਸਥਾ ਨੇ ਅਜਿਹੇ ਬਹੁ-ਪਰਤੀ ਮਾਰਕੀਟਿੰਗ ਕਾਰੋਬਾਰ ਮਾਡਲਾਂ ਰਾਹੀਂ ਹੋ ਰਹੀ ‘ਧੋਖਾਧੜੀ’ ਨੂੰ ਦ੍ਰਿੜ੍ਹਤਾ ਨਾਲ ਰੋਕਣ ਲਈ ਇੱਕ ਰੈਗੂਲੇਟਰੀ ਢਾਂਚਾ ਤਿਆਰ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਲਈ ਹਾਲ ਹੀ ਵਿੱਚ ਐਮਵੇਅ ਇੰਡੀਆ ਕੰਪਨੀ ਦੇ 757 ਕਰੋੜ ਤੋਂ ਵੱਧ ਦੇ ਅਸਾਸੇ ਜ਼ਬਤ ਕੀਤੇ ਸਨ। ਸੰਘੀ ਏਜੰਸੀ ਨੇ ਪਿਛਲੇ ਸੋਮਵਾਰ ਨੂੰ ਬਿਆਨ ਵੀ ਜਾਰੀ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਐਮਵੇਅ ਦਾ ਧਿਆਨ ਪ੍ਰੋਡਕਟ ਵੇਚਣ ਦੀ ਥਾਂ ਇਹ ਪ੍ਰਚਾਰ ਕਰਨ ’ਤੇ ਵੱਧ ਕੇਂਦਰਿਤ ਸੀ ਕਿ ਲੋਕ ਇਸ ਕੰਪਨੀ ਦਾ ਮੈਂਬਰ ਬਣ ਕੇ ਕਿਵੇਂ ਅਮੀਰ ਬਣ ਸਕਦੇ ਹਨ। ਸਵਦੇਸ਼ੀ ਜਾਗਰਣ ਮੰਚ ਦੇ ਕੋ-ਕਨਵੀਨਰ ਅਸ਼ਵਨੀ ਮਹਾਜਨ ਨੇ ਅੱਜ ਇੱਕ ਬਿਆਨ ਵਿੱਚ ਕਿਹਾ, ‘‘ਮੰਚ ਈਡੀ ਦੀ ਐਮਵੇਅ ਇੰਡੀਆ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਸਵਾਗਤ ਕਰਦਾ ਹੈ।’’ -ਪੀਟੀਆਈ