ਨਵੀਂ ਦਿੱਲੀ, 29 ਸਤੰਬਰ
ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਸੀਬੀਆਈ ਨੇ ਨਾਰਕੋਟਿਕ ਕੰਟਰੋਲ ਬਿਊਰੋ ਅਤੇ ਕਈ ਸੂਬਿਆਂ ਦੀ ਪੁਲੀਸ ਨਾਲ ਮਿਲ ਕੇ ਇਕ ਮੁਹਿੰਮ ਚਲਾਈ, ਜਿਸ ਤਹਿਤ 175 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਏ ‘ਆਪ੍ਰੇਸ਼ਨ ਗਰੁੜ’ ਵਿੱਚ ਇੰਟਰਪੋਲ ਵੀ ਸ਼ਾਮਲ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਤਹਿਤ ਸੀਬੀਆਈ, ਐੱਨਸੀਬੀ ਅਤੇ ਸੂਬਿਆਂ ਦੀ ਪੁਲੀਸ ਨੇ ਹੁਣ ਤੱਕ 127 ਕੇਸ ਦਰਜ ਕੀਤੇ ਹਨ। ਇਸ ਦੇਸ਼ਿਵਆਪੀ ਕਾਰਵਾਈ ਵਿੱਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਅਤੇ ਮਣੀਪੁਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ। -ਪੀਟੀਆਈ