ਹੈਦਰਾਬਾਦ, 2 ਨਵੰਬਰ
ਅਦਾਕਾਰਾ ਅਤੇ ਫਿਲਮਸਾਜ਼ ਪੂਜਾ ਭੱਟ ਨੇ ਅੱਜ ਇਥੇ ਭਾਰਤ ਜੋੜੋ ਯਾਤਰਾ ’ਚ ਸ਼ਮੂਲੀਅਤ ਕਰਦਿਆਂ ਰਾਹੁਲ ਗਾਂਧੀ ਨਾਲ ਪੈਦਲ ਮਾਰਚ ਕੀਤਾ। ਪੂਜਾ ਭੱਟ ਬੌਲੀਵੁੱਡ ਦੀ ਪਹਿਲੀ ਹਸਤੀ ਬਣ ਗਈ ਹੈ ਜੋ ਕਾਂਗਰਸ ਦੀ ਯਾਤਰਾ ’ਚ ਸ਼ਾਮਲ ਹੋਈ ਹੈ। ਉਸ ਨੂੰ ਮਾਰਚ ਦੌਰਾਨ ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਦੇਖਿਆ ਗਿਆ। ਰਾਹੁਲ ਨਾਲ ਕੁਝ ਦੂਰੀ ਤੱਕ ਤੇਜ਼ ਕਦਮ ਚੱਲਣ ਦੌਰਾਨ ਲੋਕਾਂ ਨੇ ਖੂਬ ਹੱਲਾਸ਼ੇਰੀ ਦਿੱਤੀ। ਫਿਲਮਸਾਜ਼ ਮਹੇਸ਼ ਭੱਟ ਦੀ ਧੀ ਪੂਜਾ ਲਗਾਤਾਰ ਸੋਸ਼ਲ ਮੀਡੀਆ ’ਤੇ ਵੱਖ ਵੱਖ ਮੁੱਦਿਆਂ ’ਤੇ ਆਪਣੀ ਰਾਏ ਦਿੰਦੀ ਰਹੀ ਹੈ। ਭਾਰਤ ਜੋੜੋ ਯਾਤਰਾ ਅੱਜ ਸਵੇਰੇ ਹੈਦਰਾਬਾਦ ਸ਼ਹਿਰ ਤੋਂ ਆਰੰਭ ਹੋਈ। ਯਾਤਰਾ ਦੇ 56ਵੇਂ ਦਿਨ ਰਾਹੁਲ ਨਾਲ ਭਾਰਤ ਯਾਤਰੀ ਵੀ ਹਾਜ਼ਰ ਸਨ। ਰਾਹੁਲ ਤਾਮਿਲ ਨਾਡੂ, ਕੇਰਲਾ, ਕਰਨਾਟਕ ਅਤੇ ਆਂਧਰਾ ਪਦੇਸ਼ ’ਚ ਯਾਤਰਾ ਮੁਕੰਮਲ ਕਰ ਚੁੱਕੇ ਹਨ। ਤਿਲੰਗਾਨਾ ਪ੍ਰਦੇਸ਼ ਕਾਂਗਰਸ ਨੇ ਯਾਤਰਾ ਦੇ ਤਾਲਮੇਲ ਲਈ 10 ਵਿਸ਼ੇਸ਼ ਕਮੇਟੀਆਂ ਬਣਾਈਆਂ ਹਨ।
ਜ਼ਿਕਰਯੋਗ ਹੈ ਕਿ ਪੂਜਾ ਭੱਟ ਨੇ ਕਈ ਮਸ਼ਹੂਰ ਫਿਲਮਾਂ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ ਜਿਨ੍ਹਾਂ ’ਚ ‘ਦਿਲ ਹੈ ਕਿ ਮਾਨਤਾ ਨਹੀਂ’, ‘ਸੜਕ’, ‘ਫਿਰ ਤੇਰੀ ਕਹਾਨੀ ਯਾਦ ਆਈ’, ‘ਸਰ’ ਅਤੇ ‘ਜ਼ਖ਼ਮ’ ਸ਼ਾਮਲ ਹਨ। ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀਆਂ ‘ਤਮੰਨਾ’, ‘ਸੁਰ’, ‘ਪਾਪ’ ਅਤੇ ‘ਹੌਲੀਡੇਅ’ ਜਿਹੀਆਂ ਫਿਲਮਾਂ ਹਿਟ ਰਹੀਆਂ ਸਨ।
ਜਾਣਕਾਰੀ ਅਨੁਸਾਰ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੱਢੀ ਜਾ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਚੱਲਣ ਵਾਲੇ ਭਾਰਤ ਯਾਤਰੀ ਤੇ ਸੇਵਾ ਦਲ ਦੀ ਟੀਮ ਨੂੰ ਭਗਤ ਸਿੰਘ, ਸਰਦਾਰ ਵੱਲਭਭਾਈ ਪਟੇਲ ਅਤੇ ਬੀ.ਆਰ. ਅੰਬੇਡਕਰ ਵਰਗੇ ਆਜ਼ਾਦੀ ਘੁਲਾਟੀਆਂ ਅਤੇ ਪਾਰਟੀ ਆਗੂਆਂ ਦੇ ਨਾਂ ’ਤੇ ਬਣਾਏ ਗਏ 14 ਸਮੂਹਾਂ ਵਿੱਚ ਵੰਡਿਆ ਗਿਆ ਹੈ। ਹਰੇਕ ਸਮੂਹ ਦਾ ਬਦਲ-ਬਦਲ ਕੇ ਕੈਪਟਨ ਬਣਦਾ ਹੈ ਅਤੇ ਹਰੇਕ ਯਾਤਰੀ ਨੂੰ ਕੈਪਟਨ ਬਣਨ ਦਾ ਮੌਕਾ ਮਿਲੇਗਾ। -ਪੀਟੀਆਈ
ਨੋਟਬੰਦੀ ਤੇ ਨੁਕਸਦਾਰ ਜੀਐੱਸਟੀ ਕਾਰਨ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਗਈ: ਰਾਹੁਲ ਗਾਂਧੀ
ਹੈਦਰਾਬਾਦ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 2016 ਵਿੱਚ ਕੀਤੀ ਗਈ ਨੋਟਬੰਦੀ ਅਤੇ ‘ਨੁਕਸਦਾਰ’ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਦੇ ਲਾਗੂਕਰਨ ਕਰ ਕੇ ਕਰਨਾਟਕ ਦੇ ਬੱਲਾਰੀ ਵਿੱਚ ਜੀਨਸ ਸਨਅਤ ਵਿੱਚ ਕੰਮ ਕਰਦੇ 3.5 ਲੱਖ ਤੋਂ ਵੱਧ ਲੋਕਾਂ ਦਾ ਰੁਜ਼ਗਾਰ ਚਲਾ ਗਿਆ। ਉਹ ਦਿਨ ਦਾ ਪੈਦਲ ਮਾਰਚ ਖ਼ਤਮ ਕਰਨ ਤੋਂ ਬਾਅਦ ਇੱਥੋਂ ਨੇੜਲੇ ਮੁਥੰਗੀ ਵਿੱਚ ਇਕ ਨੁੱਕੜ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੁਲਾਜ਼ਮਾਂ ਅਤੇ ਜਨਤਕ ਖੇਤਰ ਦੀਆਂ ਇਕਾਈਆਂ ਜੋ ਕਿ ਨਿੱਜੀਕਰਨ ਲਈ ਸਰਕਾਰ ਦੇ ਨਿਸ਼ਾਨੇ ’ਤੇ ਹਨ, ਦੇ ਪਿੱਛੇ ਖੜ੍ਹੇਗੀ। -ਪੀਟੀਆਈ