ਨਵੀਂ ਦਿੱਲੀ: ਭਾਰਤ ਦੇ ਧਨਕੁਬੇਰਾਂ ’ਚੋਂ ਇਕ ਗੌਤਮ ਅਡਾਨੀ ਦੇ ਸਮੂਹ ਨੇ ਅੱਜ ਕਿਹਾ ਕਿ ਉਹ ਨਿਊਜ਼ ਚੈਨਲ ਐੱਨਡੀਟੀਵੀ ਦੀ ਵੱਡੀ ਹਿੱਸੇਦਾਰੀ ਖਰੀਦੇਗਾ। ਅਡਾਨੀ ਗਰੁੱਪ ਨੇ ਸਾਲ 2008-09 ਵਿੱਚ ਐੱਨਡੀਟੀਵੀ ਨੂੰ 250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ ਤੇ ਗਰੁੱਪ ਕਰਜ਼ੇ ਦੀ ਆਪਣੀ ਉਸ ਲੈਣਦਾਰੀ ਨੂੰ ਨਿਊਜ਼ ਚੈਨਲ ਕੰਪਨੀ ਦੀ 29.18 ਫੀਸਦ ਹਿੱਸੇਦਾਰੀ ਖਰੀਦਣ ਦੇ ਬਦਲ ਵਜੋਂ ਵਰਤ ਰਿਹਾ ਹੈ। ਸਮੂਹ ਨੇ ਬਿਆਨ ਵਿੱਚ ਕਿਹਾ ਕਿ ਉਸ ਨੇ ਚੈਨਲ ਦੀ 26 ਫੀਸਦ ਹਿੱਸੇਦਾਰੀ ਹੋਰ ਖਰੀਦਣ ਲਈ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਉਧਰ, ਐੱਨਡੀਟੀਵੀ ਨੇ ਦਾਅਵਾ ਕੀਤਾ ਹੈ ਕਿ 29 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਬਾਰੇ ਨਾ ਤਾਂ ਉਨ੍ਹਾਂ ਨਾਲ ਕੋਈ ਚਰਚਾ ਕੀਤੀ ਗਈ ਅਤੇ ਨਾ ਹੀ ਕੋਈ ਨੋਟਿਸ ਦਿੱਤਾ ਗਿਆ। -ਪੀਟੀਆਈ