ਨਵੀਂ ਦਿੱਲੀ, 31 ਅਗਸਤ
ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦਾ ‘ਅਡਾਨੀ ਗਰੁੱਪ’ ਮੁੰਬਈ ਹਵਾਈ ਅੱਡੇ ’ਚ ਵੱਡੀ ਹਿੱਸੇਦਾਰੀ ਖ਼ਰੀਦ ਰਿਹਾ ਹੈ। ਕੰਪਨੀ ਮੌਜੂਦਾ ਪ੍ਰਮੋਟਰ ਜੀਵੀਕੇ ਗਰੁੱਪ ਨਾਲ ਸਮਝੌਤੇ ਰਾਹੀਂ ਹਿੱਸਾ-ਪੱਤੀ ਖ਼ਰੀਦੇਗੀ ਤੇ ਜੀਵੀਕੇ ਸਿਰ ਚੜ੍ਹਿਆ ਕਰਜ਼ਾ ਸੰਭਾਲੇਗੀ। ਅਡਾਨੀ ਗਰੁੱਪ ਛੋਟੇ ਹਿੱਸੇਦਾਰਾਂ ਦਾ ਸ਼ੇਅਰ ਵੀ ਖ਼ਰੀਦੇਗਾ। ਇਸ ਤਰ੍ਹਾਂ ਗਰੁੱਪ, ਜੀਵੀਕੇ ਏਅਰਪੋਰਟ ਡਿਵੈਲਪਰਜ਼ ਲਿਮਿਟਡ ਦਾ 50.50 ਫ਼ੀਸਦ ਹਿੱਸਾ ਖ਼ਰੀਦ ਲਏਗਾ। ਇਸ ਤੋਂ ਇਲਾਵਾ ਅਡਾਨੀ, ਏਅਰਪੋਰਟਸ ਕੰਪਨੀ ਆਫ਼ ਸਾਊਥ ਅਫ਼ਰੀਕਾ ਅਤੇ ਬਿਡਵੇਸਟ ਗਰੁੱਪ ਦਾ ਹਿੱਸਾ ਵੀ ਆਪਣੇ ਕੰਟਰੋਲ ਵਿਚ ਰੱਖੇਗਾ। ਇਸ ਲਈ ਅਦਾਨੀ ਗਰੁੱਪ ਨੇ ‘ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ’ ਤੋਂ ਪ੍ਰਵਾਨਗੀ ਲੈ ਲਈ ਹੈ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਵਿਚ 74 ਫ਼ੀਸਦ ਕੰਟਰੋਲ ਹਾਸਲ ਕਰਨ ਤੇ ਛੇ ਹੋਰ ਹਵਾਈ ਅੱਡੇ ਸਰਕਾਰੀ ਟੈਂਡਰ ਰਾਹੀਂ ਆਪਣੇ ਘੇਰੇ ’ਚ ਲਿਆਉਣ ਤੋਂ ਬਾਅਦ ਅਡਾਨੀ ਗਰੁੱਪ ਹੁਣ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਏਅਰਪੋਰਟ ਅਪਰੇਟਰ ਬਣ ਜਾਵੇਗਾ। ਦੇਸ਼ ਦੇ ਜ਼ਿਆਦਾਤਰ ਹਵਾਈ ਅੱਡੇ ਸਰਕਾਰੀ ‘ਏਅਰਪੋਰਟਸ ਅਥਾਰਿਟੀ ਆਫ਼ ਇੰਡੀਆ’ ਵੱਲੋਂ ਚਲਾਏ ਜਾਂਦੇ ਹਨ। ਦੱਸਣਯੋਗ ਹੈ ਕਿ ਪਹਿਲਾਂ ਹੀ ਕਈ ਵੱਡੀਆਂ ਬੰਦਰਗਾਹਾਂ ‘ਅਡਾਨੀ’ ਵੱਲੋਂ ਚਲਾਈਆਂ ਜਾ ਰਹੀਆਂ ਹਨ। ਕੋਵਿਡ-19 ਮਹਾਮਾਰੀ ਕਾਰਨ ਹਵਾਬਾਜ਼ੀ ਸੈਕਟਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਕੰਪਨੀਆਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। -ਪੀਟੀਆਈ