ਕੋਲਕਾਤਾ, 4 ਅਗਸਤ
ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਡਾਕਟਰ ਕਫ਼ੀਲ ਖ਼ਾਨ ਦੀ ਰਿਹਾਈ ਮੰਗੀ ਹੈ। ਕਥਿਤ ਨਫ਼ਰਤੀ ਤਕਰੀਰ ਲਈ ਖ਼ਾਨ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਚੌਧਰੀ ਨੇ ਉਜਰ ਜਤਾਇਆ ਕਿ ਉੱਤਰ ਪ੍ਰਦੇਸ਼ ਦੇ ਇਸ ਡਾਕਟਰ ਨਾਲ ‘ਵੱਡਾ ਅਨਿਆਂ’ ਕੀਤਾ ਗਿਆ ਹੈ। ਖ਼ਾਨ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਕੀਤੇ ਪ੍ਰਦਰਸ਼ਨਾਂ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਕੀਤੀ ਕਥਿਤ ਭੜਕਾਊ ਤਕਰੀਰ ਕਰਕੇ ਇਸ ਸਾਲ ਜਨਵਰੀ ਤੋਂ ਪੁਲੀਸ ਦੀ ਹਿਰਾਸਤ ਵਿੱਚ ਹੈ।
ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖੇ ਜਾਣ ਤੋਂ ਇਕ ਦਿਨ ਪਹਿਲਾਂ ਚੌਧਰੀ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਰਾਮਰਾਜ ਅਨਿਆਂ, ਪੱਖਪਾਤ ਤੇ ਬਦਲੇ ਦੀ ਕਾਰਵਾਈ ਤੋਂ ਬਿਲਕੁਲ ਉਲਟ ਹੈ। ਮੈਂ ਆਪਣੀ ਪਾਰਟੀ ਵੱਲੋਂ ਸੀਏਏ ਕਾਨੂੰਨ ਦਾ ਸੰਸਦ ਦੇ ਅੰਦਰ ਤੇ ਬਾਹਰ ਜ਼ੋਰਦਾਰ ਵਿਰੋਧ ਕੀਤਾ, ਪਰ ਨਾ ਤਾਂ ਮੇਰੇ ’ਤੇ ਨਾ ਹੀ ਲੱਖਾਂ ਉਨ੍ਹਾਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਜਿਨ੍ਹਾਂ ਦੇਸ਼ ਭਰ ਵਿੱਚ ਇਸ ਦਾ ਵਿਰੋਧ ਕੀਤਾ।’ ਚੌਧਰੀ ਨੇ ਅੱਗੇ ਲਿਖਿਆ, ‘ਮੈਂ ਇਸ ਗੱਲੋਂ ਘਬਰਾਇਆ ਹੋਇਆ ਹਾਂ ਕਿ ਸੰਵਿਧਾਨ ਵਿੱਚ ਆਪਣੇ ਵਿਚਾਰ ਜ਼ਾਹਿਰ ਕਰਨ ਦੀ ਆਜ਼ਾਦੀ ਦੇ ਬਾਵਜੂਦ ਇਕ ਨੌਜਵਾਨ ਡਾਕਟਰ ਨੂੰ ਕਿਉਂ ਇਸ ਵਿੱਚ ਫਸਾਇਆ ਜਾ ਰਿਹੈ।’ ਸੀਨੀਅਰ ਕਾਂਗਰਸ ਆਗੂ ਨੇ ਮੋਦੀ ਨੂੰ ਅਪੀਲ ਕੀਤੀ ਕਿ ਊਹ ਜਨਵਰੀ ਤੋਂ ਜੇਲ੍ਹ ਵਿੱਚ ਬੰਦ ਕਫ਼ੀਲ ਖ਼ਾਨ ਨੂੰ ਨਿਆਂ ਮਿਲਣਾ ਯਕੀਨੀ ਬਣਾਉਣ।