ਨਵੀਂ ਦਿੱਲੀ, 23 ਅਕਤੂਬਰ
ਅਗਲੇ ਮਹੀਨੇ 10 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਵਿਆਹੁਤਾ ਜਬਰ-ਜਨਾਹ ਦੇ ਕੇਸਾਂ ’ਚ ਪਤੀ ਨੂੰ ਮਿਲੀ ਛੋਟ ਨੂੰ ਚੁਣੌਤੀਆਂ ਦੇਣ ਵਾਲੀਆਂ ਅਰਜ਼ੀਆਂ ’ਤੇ ਸੁਣਵਾਈ ਚਾਰ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ। ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਵਕੀਲਾਂ ਤੋਂ ਪੁੱਛਿਆ ਕਿ ਉਹ ਬਹਿਸ ਲਈ ਕਿੰਨਾ-ਕਿੰਨਾ ਸਮਾਂ ਚਾਹੁੰਦੇ ਹਨ। ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਨਣ, ਕੇਂਦਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ, ਮਹਾਰਾਸ਼ਟਰ ਵੱਲੋਂ ਪੇਸ਼ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਅਤੇ ਮਹਿਲਾ ਵੱਲੋਂ ਪੇਸ਼ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹਿਸ ਲਈ ਇਕ-ਇਕ ਦਿਨ ਦੀ ਲੋੜ ਹੈ। ਸੁਪਰੀਮ ਕੋਰਟ ’ਚ 26 ਅਕਤੂਬਰ ਤੋਂ ਦੀਵਾਲੀ ਦੀਆਂ ਛੁੱਟੀਆਂ ਹਨ ਅਤੇ 4 ਨਵੰਬਰ ਨੂੰ ਉਹ ਮੁੜ ਖੁੱਲੇਗੀ ਅਤੇ ਚੀਫ਼ ਜਸਟਿਸ ਕੋਲ ਇਸ ਅਹਿਮ ਸੰਵੇਦਨਸ਼ੀਲ ਮੁੱਦੇ ’ਤੇ ਸੁਣਵਾਈ ਅਤੇ ਫ਼ੈਸਲੇ ਲਈ ਸਿਰਫ਼ ਪੰਜ ਦਿਨ ਬਚਣਗੇ। ਚੀਫ਼ ਜਸਟਿਸ ਨੇ ਕਿਹਾ ਕਿ ਜੇ ਇਸ ਹਫ਼ਤੇ ਬਹਿਸ ਮੁਕੰਮਲ ਨਹੀਂ ਹੋ ਸਕਦੀ ਹੈ ਤਾਂ ਉਨ੍ਹਾਂ ਨੂੰ ਆਪਣੀ 10 ਨਵੰਬਰ ਨੂੰ ਸੇਵਾਮੁਕਤੀ ਤੋਂ ਪਹਿਲਾਂ ਫ਼ੈਸਲਾ ਸੁਣਾਉਣਾ ਮੁਸ਼ਕਲ ਹੋਵੇਗਾ। ਬੈਂਚ ਨੇ ਕਿਹਾ ਕਿ ਅਰਜ਼ੀਆਂ ਚਾਰ ਹਫ਼ਤਿਆਂ ਮਗਰੋਂ ਦੂਜੇ ਬੈਂਚ ਅੱਗੇ ਸੂਚੀਬੱਧ ਕੀਤੀਆਂ ਜਾਣ। -ਪੀਟੀਆਈ