ਜੰਮੂ, 23 ਦਸੰਬਰ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਪ੍ਰਸ਼ਾਸਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਇੱਜ਼ਤ ਤੇ ਵਿਸ਼ੇਸ਼ ਪਛਾਣ ਨੂੰ ਪਹਿਲਾਂ ਹੀ ਨੁਕਸਾਨ ਪਹੁੰਚਾ ਚੁੱਕਾ ਹੈ ਅਤੇ ਹੁਣ ਇਸ ਦੀ ਅੱਖ ਇੱਥੋਂ ਦੇ ਲੋਕਾਂ ਦੀ ਜ਼ਮੀਨ ਤੇ ਜਾਇਦਾਦ ’ਤੇ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਮਨ-ਸ਼ਾਂਤੀ ਦਾ ਨਾਟਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ’ਚ ਅਮਨ ਯਕੀਨੀ ਬਣਾਉਣ ਦੇ ਨਾਂ ’ਤੇ ਵੱਡੇ ਪੱਧਰ ’ਤੇ ਫੌਜ ਤਾਇਨਾਤ ਕੀਤੀ ਗਈ, ਲੋਕਾਂ ਦੇ ਬੁਨਿਆਦੀ ਹੱਕ ਖੋਹੇ ਗਏ ਅਤੇ ਲੋਕਾਂ ’ਤੇ ਜਬਰੀ ਵੱਖਰੀ ਸਿਆਸੀ ਵਿਚਾਰਧਾਰਾ ਥੋਪੀ ਜਾ ਰਹੀ ਹੈ।’ ਉਨ੍ਹਾਂ ਕਿਹਾ, ‘ਤੁਸੀਂ ਦੁੱਖ ’ਚ ਪਏ ਵਿਅਕਤੀ ਦਾ ਮੂੰਹ ਬੰਦ ਕਰਕੇ ਤੁਸੀਂ ਉਸ ਦੀ ਹਾਲਤ ਸਥਿਰ ਨਹੀਂ ਆਖ ਸਕਦੇ। ਜਿਸ ਤਰ੍ਹਾਂ ਦੇ ਪੈਮਾਨੇ ਤੁਸੀਂ ਅਪਣਾ ਰਹੇ ਹੋ ਉਸ ਨਾਲ ਅਮਨ ਨਹੀਂ ਆ ਸਕਦਾ।’ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਸਮਝੇ ਬਿਨਾਂ ਸ਼ਾਂਤੀ ਸਥਾਪਤ ਨਹੀਂ ਕੀਤੀ ਜਾ ਸਕਦੀ। ਇਸ ਦਾ ਇੱਕੋ ਇੱਕ ਰਾਹ ਆਪਸੀ ਗੱਲਬਾਤ ਹੈ। ਇਸੇ ਤਰ੍ਹਾਂ ਜੰਮੂ ’ਚ ਇੱਕ ਸਮਾਗਮ ਦੌਰਾਨ ਭੂਸ਼ਨ ਲਾਲ ਡੋਗਰਾ ਪੀਡੀਪੀ ’ਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਮਹਬਿੂਬਾ ਮੁਫ਼ਤੀ ਨੇ ਪਾਰਟੀ ’ਚ ਸਵਾਗਤ ਕੀਤਾ। -ਪੀਟੀਆਈ